ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਨੈਸ਼ਨਲ ਯੂਨੀਅਨ ਆਫ਼ ਜਰਨਿਲਸਟ ਵੱਲੋਂ ਚੰਡੀਗੜ੍ਹ ਵਿਖੇ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਰੱਖੀ ਗਈ। ਇਸ ਦੀ ਸ਼ੁਰੂਆਤ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਲੇਖਣੀ ਦੀ ਵਰਤੋਂ ਕਰਨ, ਜਿਸ ਨਾਲ ਲੋਕਾਂ ਵਿੱਚ ਪ੍ਰੈੱਸ ਬਾਰੇ ਭਰੋਸੇਯੋਗਤਾ ਵਧੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਭੌਤਿਕ ਯੁਗ ਵਿੱਚ ਪੱਤਰਕਾਰੀ ਰੁਜ਼ਗਾਰ ਦੇ ਵੱਡੇ ਸਾਧਨ ਵੱਜੋਂ ਉੱਭਰ ਰਿਹਾ ਹੈ। ਨੌਜਵਾਨ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ’ਚ ਰੁਜ਼ਗਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰੀ ਵਿਚ ਨੈਤਿਕ ਅਤੇ ਸਮਾਜਿਕ ਕਦਰਾ ਕੀਮਤਾਂ ਦਾ ਸੰਤੁਲਨ ਬਣਾ ਕੇ ਕੰਮ ਕਰਨ ਦੀ ਲੋੜ ਹੈ। ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਫਾਇਦੇ ਦੇ ਨਾਲ-ਨਾਲ ਨੁਕਸਾਨਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਆਉਣ ਵਾਲੀ ਸੂਚਨਾ ਦੇ ਤੱਥਾਂ ’ਤੇ ਭਰੋਸਾ ਕਰਨਾ ਵੀ ਵੱਡਾ ਸਵਾਲ ਹੈ। ਪਰ ਵੱਡੇ ਮੀਡੀਆ ਘਰਾਨੇ ਖ਼ਬਰ ਦੇ ਤੱਥਾਂ ਦੀ ਪੁਸ਼ਟੀ ਕਰਦੇ ਹਨ। ਹਰਿਆਣਾ ਦੇ ਰਾਜਪਾਲ ਨੇ ਕਿਹਾ ਕਿ ਲੋਕਤੰਤਰ ਵਿੱਚ ਪ੍ਰੈੱਸ ਸਰਕਾਰ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਮੌਕੇ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਮਨੋਜ ਮਿਸ਼ਰਾ, ਜਨਰਲ ਸਕੱਤਰ ਸੁਰੇਸ਼ ਸ਼ਰਮਾ, ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਨਾਥ, ਜਨਰਲ ਸਕੱਤਰ ਦੁਸ਼ਯੰਤ ਪੁੰਡੀਰ ਵੀ ਹਾਜ਼ਰ ਸਨ।