ਕਰਮਜੀਤ ਸਿੰਘ ਚਿੱਲਾ
ਬਨੂੜ, 30 ਅਕਤੂਬਰ
ਬਨੂੜ ਦੀ ਵਾਰਡ ਨੰਬਰ-9 ਦੀ ਕਾਕੜਾ ਬਸੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਮੁਹੱਲਾ ਵਾਸੀਆਂ ਨੂੰ ਰੇਹੜੀਆਂ ਉੱਤੇ ਪਾਣੀ ਢੋਅ ਕੇ ਕੰਮ ਸਾਰਨਾ ਪੈ ਰਿਹਾ ਹੈ। ਮੁਹੱਲੇ ਦੇ ਵਸਨੀਕ ਬਲੀ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਇਹ ਸਮੱਸਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜ ਦਿਨ ਸਬੰਧਤ ਖੇਤਰ ਵਿੱਚ ਬਿਲਕੁੱਲ ਵੀ ਪਾਣੀ ਨਹੀਂ ਆਇਆ ਅਤੇ ਪਿਛਲੇ ਦੋ ਦਿਨਾਂ ਤੋਂ ਸਿਰਫ਼ ਦੋ-ਦੋ ਘੰਟੇ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਵਿੱਚ ਜ਼ਿਆਦਾਤਰ ਵਸੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਹੈ ਤੇ ਉਨ੍ਹਾਂ ਨੂੰ ਪਾਣੀ ਬਾਝੋਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਨਗਰ ਕੌੌਂਸਲ ਦੇ ਅਹਾਤੇ ਵਿਚਲੇ ਟਿਊਬਵੈੱਲ ਤੋਂ ਪਾਣੀ ਆਉਂਦਾ ਸੀ। ਕੌਂਸਲ ਵੱਲੋਂ ਮਿਆਦ ਪੁੱਗੀ ਪਾਣੀ ਦੀ ਟੈਂਕੀ ਢੁਹਾਉਣ ਸਮੇਂ ਪਾਣੀ ਦੀ ਲਾਈਨ ਵੀ ਨੁਕਸਾਨੀ ਗਈ ਜਿਸ ਕਾਰਨ ਇਸ ਖੇਤਰ ਦਾ ਪਾਣੀ ਬੰਦ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।
ਜੈਨਰੇਟਰ ਚਲਾ ਕੇ ਦਿੱਤੀ ਜਾ ਰਹੀ ਹੈ ਸਪਲਾਈ: ਈਓ
ਨਗਰ ਕੌਂਸਲ ਦੇ ਈਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਲਾਈਨ ਵਿੱਚ ਨੁਕਸ ਜਲਦੀ ਠੀਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-9 ਲਈ ਇੱਕ ਨਵੇਂ ਲਗਾਏ ਟਿਊਬਵੈੱਲ, ਜਿਸ ਦਾ ਬਿਜਲੀ ਦਾ ਕੁਨੈਕਸ਼ਨ ਹਾਲੇ ਹੋਣਾ ਹੈ, ਤੋਂ ਬਾਕਾਇਦਾ ਜੈਨਰੇਟਰ ਚਲਾ ਕੇ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 31 ਅਕਤੂਬਰ ਤੱਕ ਪਾਣੀ ਦੀ ਪਹਿਲਾਂ ਵਾਂਗ ਸਪਲਾਈ ਆਰੰਭ ਹੋ ਜਾਵੇਗੀ ਤੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।