ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਮਾਰਚ
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਵਿੱਚ ਕਾਰ ਸਵਾਰਾਂ ਵੱਲੋਂ ਲੜਕੀ ਨੂੰ ਕਥਿਤ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੂਜੇ ਪਾਸੇ ਲੜਕੀ ਨੇ ਖ਼ੁਦ ਆਪਣੇ ਮਾਪਿਆਂ ਨੂੰ ਫੋਨ ਕਰ ਕੇ ਕਿਹਾ ਕਿ ਉਸ ਨੂੰ ਅਗਵਾ ਨਹੀਂ ਕੀਤਾ ਗਿਆ ਹੈ, ਬਲਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਨਾਲ ਗਈ ਹੈ ਅਤੇ ਹੁਣ ਵਿਆਹ ਕਰਵਾਉਣ ਤੋਂ ਬਾਅਦ ਹੀ ਪਰਤੇਗੀ।
ਲੜਕੀ ਦੇ ਮਾਪਿਆਂ ਨੇ 100 ਅਤੇ 181 ਨੰਬਰ ’ਤੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਕਾਰ ਸਵਾਰ ਕੁਝ ਨੌਜਵਾਨ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਬੇਟੀ ਨੂੰ ਜਬਰਦਸਤੀ ਚੁੱਕ ਕੇ ਲੈ ਗਏ ਹਨ। ਸੂਚਨਾ ਮਿਲਦਿਆਂ ਹੀ ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੇ ਪੀਸੀਆਰ ਪਾਰਟੀ ਮੌਕੇ ’ਤੇ ਪਹੁੰਚ ਗਏ ਅਤੇ ਲੜਕੀ ਦੇ ਮਾਪਿਆਂ ਨਾਲ ਗੱਲ ਕਰਕੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲੀਸ ਨੇ ਮੋਗਾ ਦੇ ਇਕ ਨੌਜਵਾਨ ਰਾਜੂ ਸਮੇਤ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 363 ਅਤੇ 366 ਤਹਿਤ ਕੇਸ ਦਰਜ ਕਰਕੇ ਹਾਲੇ ਤਫ਼ਤੀਸ਼ ਸ਼ੁਰੂ ਹੀ ਕੀਤੀ ਸੀ ਕਿ ਇਸ ਦੌਰਾਨ ਲੜਕੀ ਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਹੈ, ਸਗੋਂ ਉਹ ਆਪਣੇ ਪ੍ਰੇਮੀ ਨਾਲ ਆਪਣੀ ਮਰਜ਼ੀ ਨਾਲ ਘਰੋਂ ਗਈ ਹੈ ਅਤੇ ਹੁਣ ਵਿਆਹ ਕਰਵਾ ਕੇ ਵਾਪਸ ਮੁੜੇਗੀ। ਕੁੜੀ ਦੇ ਘਰਦਿਆਂ ਨੇ ਹੀ ਪੁਲੀਸ ਨੂੰ ਇਸ ਘਟਨਾਕ੍ਰਮ ਬਾਰੇ ਦੱਸਿਆ ਗਿਆ।
ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਨੇ ਦੱਸਿਆ ਕਿ ਗੰਨ ਪੁਆਇੰਟ ’ਤੇ ਲੜਕੀ ਨੂੰ ਅਗਵਾ ਕਰਨ ਦੀ ਗੱਲ ਬਿਲਕੁਲ ਝੂਠੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਰਾਜੂ ਵਾਸੀ ਮੋਗਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।