ਮਿਹਰ ਸਿੰਘ
ਕੁਰਾਲੀ, 6 ਜੁਲਾਈ
ਨੇੜਲੇ ਪਿੰਡ ਕਾਲੇਵਾਲ ਵਿੱਚ ਚੱਲ ਰਹੇ ਐਜੂਸਟਾਰ ਆਦਰਸ਼ ਸਕੂਲ ਦੇ ਮਸਲੇ ਸਬੰਧੀ ਸਾਬਕਾ ਮੰਤਰੀ ਤੇ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਅੱਜ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਸਕੂਲ ਵਿੱਚ ਵਾਰ-ਵਾਰ ਤਾਲਾਬੰਦੀ ਵਰਗੇ ਹਾਲਾਤ ਬਣਨ ਦੀ ਸਮੱਸਿਆ ਹੱਲ ਦਾ ਭਰੋਸਾ ਦਿੱਤਾ।
ਸਾਬਕਾ ਮੰਤਰੀ ਅਤੇ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਕਾਲੇਵਾਲ ਦੇ ਆਦਰਸ਼ ਸਕੂਲ ਦਾ ਦੌਰਾ ਕਰਦਿਆਂ ਸਕੂਲ ਦੇ ਹਾਲਾਤ ਦੇਖੇ ਅਤੇ ਸਕੂਲ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਸ੍ਰੀ ਕੰਗ ਨੇ ਸਕੂਲ ਛੱਡ ਕੇ ਗਈ ਪ੍ਰਾਈਵੇਟ ਕੰਪਨੀ ਵੱਲੋਂ ਫਾਰਗ ਕੀਤੇ ਸਕੂਲ ਦੇ ਅਧਿਆਪਕਾਂ ਤੇ ਸਟਾਫ਼ ਨਾਲ ਗੱਲਬਾਤ ਕੀਤੀ। ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਕੂਲ ਅਧਿਆਪਕਾਂ ਤੇ ਹੋਰ ਸਟਾਫ਼ ਨੇ ਦੱਸਿਆ ਕਿ ਉਹ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਕੂਲ ਵਿੱਚ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਭਾਈਵਾਲੀ ਨਾਲ ਚੱਲ ਰਹੇ ਇਸ ਸਕੂਲ ਵਿੱਚ ਹਰ ਤਿੰਨ ਸਾਲ ਬਾਅਦ ਜਦੋਂ ਵੀ ਪ੍ਰਾਈਵੇਟ ਕੰਪਨੀ ਦਾ ਠੇਕਾ ਪੂਰਾ ਹੁੰਦਾ ਹੈ ਤਾਂ ਇਹੋ ਹਾਲਾਤ ਬਣਦੇ ਹਨ। ਸਕੂਲ ਸਟਾਫ਼ ਨੇ ਸ੍ਰੀ ਕੰਗ ਤੋਂ ਮੰਗ ਕੀਤੀ ਕਿ ਸਕੂਲ ਨੂੰ ਸਰਕਾਰ ਆਪਣੇ ਪੱਧਰ ’ਤੇ ਚਲਾਏ ਅਤੇ ਉਨ੍ਹਾਂ ਨੂੰ ਪੱਕਾ ਕਰ ਕੇ ਸਰਕਾਰੀ ਕਰਮਚਾਰੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।
ਇਸੇ ਦੌਰਾਨ ਸਕੂਲ ਦਾ ਪ੍ਰਬੰਧ ਚਲਾ ਰਹੇ ਪ੍ਰਿੰਸੀਪਲ ਵੰਦਨਾ ਪੁਰੀ ਨੇ ਸ੍ਰੀ ਕੰਗ ਨੂੰ ਸਕੂਲ ਦੇ ਹਾਲਾਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਐਜੂਕੇਸ਼ਨ ਵਿਕਾਸ ਬੋਰਡ ਵੱਲੋਂ ਪ੍ਰਾਈਵੇਟ ਭਾਈਵਾਲੀ ਨਾਲ ਚਲਾਏ ਜਾ ਰਹੇ ਸਕੂਲ ਨੂੰ ਚਲਾਉਂਦੀ ਕੰਪਨੀ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਨਵੀਂ ਕੰਪਨੀ ਦੇ ਆਉਣ ਤੱਕ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਕੂਲ ਦਾ ਪ੍ਰਬੰਧ ਸਿੱਖਿਆ ਵਿਭਾਗ ਨੇ ਫਿਲਹਾਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਉਨ੍ਹਾਂ ਸਕੂਲ ਦੇ ਸਰਬਪੱਖੀ ਵਿਕਾਸ ਲਈ ਸਭਨਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਸ੍ਰੀ ਕੰਗ ਨੇ ਸਕੂਲ ਸਟਾਫ਼ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ ਅਤੇ ਨਿੱਜੀ ਦਿਲਚਸਪੀ ਲੈ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਸ੍ਰੀ ਕੰਗ ਨੇ ਕਿਹਾ ਕਿ ਹਲਕੇ ਦੇ ਨਾਮੀ ਸਕੂਲ ਕਾਲੇਵਾਲ ਦਾ ਮਸਲਾ ਪੱਕੇ ਤੌਰ ’ਤੇ ਹੱਲ ਕਰਵਾਇਆ ਜਾਵੇਗਾ।
ਬਨੂੜ ਦੇ ਸਰਕਾਰੀ ਐਮੀਨੈਂਸ ਸਕੂਲ ਕਮੇਟੀ ਦੇ ਚੇਅਰਮੈਨ ਤੇ ਤਿੰਨ ਮੈਂਬਰਾਂ ਨੇ ਅਸਤੀਫ਼ੇ ਦਿੱਤੇ
ਬਨੂੜ (ਪੱਤਰ ਪ੍ਰੇਰਕ): ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਐਮੀਨੈਂਸ) ਦੀ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਸੁਲਝ ਗਿਆ ਹੈ। ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਬਲਜੀਤ ਸਿੰਘ ਤੇ ਤਿੰਨ ਹੋਰ ਮੈਂਬਰਾਂ ਨੇ ਸਹਿਮਤੀ ਨਾਲ ਅਸਤੀਫ਼ੇ ਦੇ ਦਿੱਤੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਚੋਣ ਹੁਣ ਦੁਬਾਰਾ ਕਰਵਾਈ ਜਾਵੇਗੀ। ਕਮੇਟੀ ਦੀ ਚੋਣ ਬਾਰੇ ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸਾਬਕਾ ਪ੍ਰਧਾਨ ਅਤੇ ਕੌਂਸਲਰ ਲਛਮਣ ਸਿੰਘ ਚੰਗੇਰਾ ਤੇ ਕੌਂਸਲ ਦੇ ਅੱਠ ਦੇ ਕਰੀਬ ਹੋਰ ਮੈਂਬਰਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰਨਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਸੀ। ਸ਼ਿਕਾਇਤਕਰਤਾ ਧਿਰ ਦੀ ਦਲੀਲ ਸੀ ਕਿ ਬਿਨਾ ਕਿਸੇ ਨੂੰ ਦੱਸੇ ਪੱਖਪਾਤੀ ਢੰਗ ਨਾਲ ਕਮੇਟੀ ਦੇ ਚੇਅਰਮੈਨ ਤੇ ਹੋਰਨਾਂ ਦੀ ਚੋਣ ਕੀਤੀ ਗਈ ਹੈ ਅਤੇ ਇਸ ਵਿੱਚ ਪੰਜ ਮੈਂਬਰ ਇੱਕੋ ਬਰਾਦਰੀ ਨਾਲ ਸਬੰਧਤ ਹਨ ਤੇ ਚੇਅਰਮੈਨ ਦਾ ਕੋਈ ਬੱਚਾ ਸਕੂਲ ’ਚ ਨਹੀਂ ਪੜ੍ਹਦਾ ਹੈ। ਡੀਈਓ (ਸੈਕੰਡਰੀ) ਮੁਹਾਲੀ ਵੱਲੋਂ ਗੀਗੇਮਾਜਰਾ ਸਕੂਲ ਦੀ ਪ੍ਰਿੰਸੀਪਲ ਹਰਿੰਦਰ ਕੌਰ ਨੂੰ ਪੜਤਾਲੀਆ ਅਫ਼ਸਰ ਲਗਾ ਕੇ ਮਾਮਲੇ ਦੀ ਰਿਪੋਰਟ ਮੰਗੀ ਗਈ ਸੀ। ਇਸ ਸਬੰਧੀ ਅੱਜ ਸ਼ਿਕਾਇਤਕਰਤਾ ਲਛਮਨ ਸਿੰਘ ਚੰਗੇਰਾ, ਪੜਤਾਲੀਆ ਅਫ਼ਸਰ ਹਰਿੰਦਰ ਕੌਰ, ਸਕੂਲ ਪ੍ਰਿੰਸੀਪਲ ਅਨੀਤਾ ਭਾਰਦਵਾਜ ਆਦਿ ਦੀ ਸਾਂਝੀ ਮੀਟਿੰਗ ਸਕੂਲ ਦੇ ਅਹਾਤੇ ਵਿੱਚ ਹੋਈ। ਸ੍ਰੀ ਚੰਗੇਰਾ ਨੇ ਦੱਸਿਆ ਕਿ ਕਮੇਟੀ ਦੇ ਚਾਰ ਮੈਂਬਰਾਂ ਦੀ ਚੋਣ ਨਵੇਂ ਸਿਰਿਓਂ ਹੋਵੇਗੀ। ਇੱਕ ਬਰਾਦਰੀ ਦਾ ਇੱਕੋ ਮੈਂਬਰ ਲਿਆ ਜਾਵੇਗਾ। ਚੇਅਰਮੈਨ ਦੀ ਚੋਣ ਨਵੇਂ ਚੁਣੇ ਚਾਰ ਮੈਂਬਰਾਂ ਤੋਂ ਬਾਅਦ ਕਮੇਟੀ ਦੇ ਸਾਰੇ ਮੈਂਬਰ ਕਰਨਗੇ। ਚੇਅਰਮੈਨ ਗਾਰਡੀਅਨਜ਼ ਦੀ ਥਾਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚੋਂ ਚੁਣਿਆ ਜਾਵੇਗਾ।