ਹਰਜੀਤ ਸਿੰਘ
ਡੇਰਾਬੱਸੀ, 18 ਜੂਨ
ਇਥੋਂ ਦੇ ਨੇੜਲੇ ਪਿੰਡ ਭੰਖਰਪੁਰ ਵਿਚ 34 ਸਾਲਾਂ ਦੀ ਨਰਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਰਸ ਚੰਡੀਗੜ੍ਹ ਦੇ ਮਨੀਮਾਜਰਾ ਸਿਵਲ ਹਸਪਤਾਲ ਵਿੱਚ ਤਾਇਨਾਤ ਹੈ। ਨਰਸ ਵਲੋਂ 31 ਮਈ ਅਤੇ 5 ਜੂਨ ਨੂੰ ਬਾਪੂ ਧਾਮ ਕਲੋਨੀ ਵਸਨੀਕ ਦੋ ਕਰੋਨਾ ਪਾਜ਼ੇਟਿਵ ਔਰਤਾਂ ਦੀ ਡਿਲੀਵਰੀ ਕੀਤੀ ਸੀ। ਨਰਸ ਡੋਲਮਾ ਚੌਹਾਨ ਨੇ ਦੋਸ਼ ਲਾਇਆ ਕਿ ਡਿਲੀਵਰੀ ਕਰਨ ਤੋਂ ਬਾਅਦ ਉਹ ਲਗਾਤਾਰ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਡਿਲੀਵਰੀ ਕਰਨ ਵਾਲੇ ਸਟਾਫ਼ ਮੈਂਬਰਾਂ ਦਾ ਕਰੋਨਾ ਟੈਸਟ ਕਰਨ ਦੀ ਮੰਗ ਕਰ ਰਹੀ ਹੈ ਪਰ ਉਨ੍ਹਾਂ ਵਲੋਂ ਕੋਈ ਵੀ ਲਛਣ ਨਾ ਹੋਣ ਦੀ ਗੱਲ ਆਖ ਕੇ ਟੈਸਟ ਨਹੀਂ ਕਰਿਆ। ਉਸ ਨੇ ਦੋਸ਼ ਲਾਇਆ ਕਿ ਉਹ ਇਕੱਲੀ ਨਹੀਂ ਸਗੋਂ ਪੰਜ ਜਣਿਆਂ ਦੇ ਸਟਾਫ਼ ਨੇ ਇਹ ਡਿਲੀਵਰੀ ਕੀਤੀ ਸੀ, ਜਿਨ੍ਹਾਂ ਨੇ ਆਪਣੇ ਪੱਲੇ ਤੋਂ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਹੈ, ਜਿਨ੍ਹਾਂ ਦੀ ਰਿਪੋਰਟ ਫਿਲਹਾਲ ਨੈਗੇਟਿਵ ਆਈ ਹੈ। ਉਸ ਦੇ ਪਰਿਵਾਰ ਵਿੱਚ ਪਤੀ, ਤਿੰਨ ਸਾਲ ਦਾ ਲੜਕਾ, ਬਜ਼ੁਰਗ ਸੱਸ-ਸਹੁਰਾ ਵੀ ਹਨ, ਜਿਨ੍ਹਾਂ ਤੇ ਹੁਣ ਕਰੋਨਾ ਦੀ ਤਲਵਾਰ ਲਮਕ ਰਹੀ ਹੈ।