ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਦਸੰਬਰ
ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ’ਚ ਕੀਤੇ ਐਲਾਨਾਂ ’ਤੇ ਘੇਰਦਿਆਂ ਕਿਹਾ ਕਿ ਉਹ ਵਿਜਨਲੈਸ ਅਤੇ ਵਿਭਾਗ ਲੈਸ ਮੁੱਖ ਮੰਤਰੀ ਹਨ। ਕੇਜਰੀਵਾਲ ਗੋਵਲਸ ਦੀ ਤਰ੍ਹਾਂ ਇਕ ਹੀ ਝੂਠ ਨੂੰ ਸੌ ਵਾਰ ਬੋਲਦੇ ਹਨ ਇਹ ਸਮਝਦੇ ਹਨ ਕਿ ਲੋਕ ਝੂਠ ਨੂੰ ਸੱਚ ਮੰਨਣ ਲੱਗ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਤਿਵਾੜੀ ਨੇ ਚੰਡੀਗੜ੍ਹ ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਦੇ ਨਾਲ ਭਾਜਪਾ ਪ੍ਰਧਾਨ ਅਰੁਣ ਸੂਦ, ਪਾਰਟੀ ਦੇ ਬੁਲਾਰੇ ਕੈਲਾਸ਼ ਜੈਨ, ਬਿਹਾਰ ਤੋਂ ਪਾਰਟੀ ਦੇ ਸੀਨੀਅਰ ਆਗੂ ਪ੍ਰਮੋਦ ਕੁਮਾਰ, ਦਿੱਲੀ ਭਾਜਪਾ ਸਕੱਤਰ ਇਸ਼ਪ੍ਰੀਤ ਬਕਸ਼ੀ, ਦਿੱਲੀ ਭਾਜਪਾ ਮੀਡੀਆ ਇੰਚਾਰਜ ਨੀਲਕੰਠ ਵੀ ਮੌਜੂਦ ਸਨ। ਮਨੋਜ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ’ਚ ਕੂੜੇ ਦਾ ਪਹਾੜ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਪਹਿਲਾਂ ਦੱਸਣ ਕਿ ਕੀ ਦਿੱਲੀ ਵਿਚ ਕੂੜੇ ਦਾ ਪਹਾੜ ਖਤਮ ਹੋ ਗਿਆ ਹੈ। ਦਿੱਲੀ ਵਿਚ ਕੂੜੇ ਦਾ ਪਹਾੜ ਖਤਮ ਕਰਨ ਲਈ ਉਨ੍ਹਾਂ ਕੀ ਕੀਤਾ। ਭਾਜਪਾ ਸੰਸਦ ਮੈਂਬਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੈਨਸ਼ਨ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਭਾਜਪਾ ਨੇ ਆਪਣੇ ਘੋਸ਼ਣਾ ਪੱਤਰ ਵਿਚ ਪੈਨਸ਼ਨ ਦਾ ਐਲਾਨ ਕੀਤਾ ਹੈ ਉਥੇ ਹੀ ਦਿੱਲੀ ਅਜਿਹਾ ਪਹਿਲਾ ਸੂਬਾ ਹੈ ਜਿਥੇ ਪੈਨਸ਼ਨ ਬੰਦ ਹੋ ਚੁੱਕੀ ਹੈ।