ਖਰੜ: ਨਗਰ ਕੌਸਲ ਅਧੀਨ ਪੈਂਦੇ ਪਿੰਡ ਖਾਨਪੁਰ ਦੀ ਧੀ ਜਸਪ੍ਰੀਤ ਕੌਰ ਨੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੇ ਮਾਤਾ-ਪਿਤਾ ਨੇ ਬੀਤੀ 30 ਜੁਲਾਈ ਨੂੰ ਚੇਨਈ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿਚ ਜਸਪ੍ਰੀਤ ਕੌਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਲਾਏ। ਇਸ ਤੋਂ ਪਹਿਲਾਂ ਜਸਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿੱਚ ਪੂਰੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ। ਜਸਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਇਕ ਪ੍ਰਾਈਵੇਟ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹਨ। ਜਸਪ੍ਰੀਤ ਕੌਰ ਨੇ ਗਰੀਬ ਪਰਿਵਾਰ ’ਚੋਂ ਉਠ ਕੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ਉਪਰ ਸਾਰੇ ਖਾਨਪੁਰ ਨੂੰ ਮਾਣ ਹੈ। ਜਸਪ੍ਰੀਤ ਕੌਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੀ ਨਾਨੀ ਕੇਸਰ ਕੌਰ ਨੂੰ ਦਿੱਤਾ। -ਪੱਤਰ ਪ੍ਰੇਰਕ