ਸ਼ਸੀ ਪਾਲ ਜੈਨ
ਖਰੜ, 27 ਜੁਲਾਈ
ਪੰਜਾਬ ਸਰਕਾਰ ਨੇ ਖਰੜ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਪਾਈਪ ਲਾਈਨ ਤੋਂ ਪੀਣ ਵਾਲਾ ਪਾਣੀ ਸਪਲਾਈ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੰਬੀ ਜਦੋਂ ਜਹਿਦ ਮਗਰੋਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਉਹ ਲੰਬੇ ਸਮੇਂ ਤੋਂ ਇਸ ਲਈ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਿਵਾਉਣ ਬਾਰੇ ਕੇਂਦਰ/ਬੀਐੱਮਐੱਲ, ਗਮਾਡਾ ਅਤੇ ਸਥਾਨਕ ਸਰਕਾਰਾਂ ਦੇ ਤਾਲਮੇਲ ਕਰਵਾਉਣ ਉਪਰੰਤ ਸਹਿਮਤੀ ਕਰਕੇ ਫੈਸਲਾ ਕੀਤਾ ਗਿਆ ਹੈ, ਕਿ ਜੋ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ/ਚੰਡੀਗੜ੍ਹ ਨੂੰ ਨਵੀਂ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਆ ਰਹੀ ਹੈ, ਉਸ ’ਚੋਂ ਮਿਊਂਸੀਪਲ ਕਮੇਟੀ/ਸ਼ਹਿਰ ਖਰੜ ਲਈ 5 ਮਿਲੀਅਨ ਗੈਲਨ ਪ੍ਰਤੀ ਦਿਨ ਤੇ ਮੋਰਿੰਡੇ ਸ਼ਹਿਰ ਨੂੰ 1 ਮਿਲੀਅਨ ਗੈਲਨ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਸ਼ਹਿਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਪਲਾਈ ਨੂੰ ਦੇਣ ਲਈ ਪਿੰਡ ਜੰਡਪੁਰ ’ਚ ਮਿਊਂਸੀਪਲ ਕਮੇਟੀ ਖਰੜ ਦੀ ਉਪਲਬੱਧ 6 ਏਕੜ ਜ਼ਮੀਨ ਵਿੱਚ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ ਤੇ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੇ ਵੱਖ ਵੱਖ ਖੇਤਰ ਵਿੱਚ ਓਵਰ ਹੈਂਡ ਸਰਵਿਸ ਰੈਜਰਵੇਅਰ ਨਾਲ ਇਹ ਪਾਣੀ ਸ਼ਹਿਰ ਵਿੱਚ ਪੀਣ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤੇ ਤਕਰੀਬਨ 15 ਕਰੋੜ ਦੀ ਲਾਗਤ ਆਵੇਗੀ ਤੇ ਸ਼ਹਿਰ ’ਚ ਵੱਖ ਵੱਖ ਮੌਜੂਦਾ ਟਿਊਬਵੈੱਲਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ ਨੂੰ ਜੋੜਨ ਲਈ, ਲੋੜੀਂਦੀ ਕਾਰਵਾਈ ਵੀ ਤਰੁੰਤ ਕੀਤੀ ਜਾਵੇਗੀ। ਇਸ ਮੌਕੇ ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਪੱਧਰ ’ਤੇ ਕੋਸ਼ਿਸ਼ ਕਰਕੇ ਇਸ ਪ੍ਰਾਜੈਕਟ ਨੂੰ ਮਿਤੀਬੱਧ ਸਿਰੇ ਚੜ੍ਹਾਉਣਗੇ।
ਉਨ੍ਹਾਂ ਕਿਹਾ ਕਿ ਜਦੋਂ ਉਹ 2012 ਤੋਂ 2107 ਤੱਕ ਖਰੜ ਦੇ ਵਿਧਾਇਕ ਸੀ, ਉਦੋਂ ਨਗਰ ਕੌਸਲ ਖਰੜ ਵੱਲੋਂ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ’ਚ ਵਿਧਾਇਕ ਹੋਣ ਦੇ ਨਾਤੇ ਖਰੜ ਸ਼ਹਿਰ ਨੂੰ ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਸਬੰਧੀ ਸਵਾਲ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਇਹ ਇਤਿਹਾਸਿਕ ਫੈਸਲਾ ਹੋਇਆ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ ਤੇ ਇਸ ਪੀਣ ਵਾਲੇ ਪਾਣੀ ਦੀ ਸਪਲਾਈ/ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਖਰੜ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਖਤਮ ਹੋ ਜਾਵੇਗੀ।ਇਸ ਮੌਕੇ ਕਮਲ ਕਿਸ਼ੋਰ ਕਾਲਾ, ਐੱਚਐੱਸ ਜੋਲੀ, ਰਾਜਵੀਰ ਸਿੰਘ ਰਾਜੀ, ਪੰਕਜ ਚੱਢਾ, ਯਸਪਾਲ ਬਾਂਸਲ (ਸਿਟੀ ਪ੍ਰਧਾਨ ਕਾਂਗਰਸ), ਸੁਰਮੁਖ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ।