ਹਰਜੀਤ ਸਿੰਘ
ਡੇਰਾਬੱਸੀ, 24 ਅਗਸਤ
ਸ਼ਹਿਰ ਵਿੱਚ ਕੋਈ ਵੀ ਖੇਡ ਮੈਦਾਨ ਜਾਂ ਸਟੇਡੀਅਮ ਨਹੀਂ ਹੈ। ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਇਕਲੌਤੇ ਇੰਡੋਰ ਸਟੇਡੀਅਮ ਦੀ ਦੇਖ-ਰੇਖ ਨਾ ਹੋਣ ਕਾਰਨ ਉਸਦੀ ਹਾਲਤ ਖਸਤਾ ਹੋ ਗਈ ਹੈ ਜਿਸ ਕਾਰਨ ਉਸ ਨੂੰ ਖਿਡਾਰੀਆਂ ਲਈ ਬੰਦ ਕਰ ਦਿੱਤਾ ਹੈ। ਖਿਡਾਰੀਆਂ ਨੂੰ ਆਪਣਾ ਸ਼ੌਕ ਪੂਰਾ ਕਰਨ ਲਈ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਜਾਣਾ ਪੈ ਰਿਹਾ ਹੈ। ਜਿਹੜੇ ਖਿਡਾਰੀ ਬਾਹਰ ਨਹੀਂ ਜਾ ਸਕਦੇ ਉਹ ਘਰਾਂ ਨੇੜੇ ਪਾਰਕਾਂ ਤੇ ਹੋਰ ਆਰਜ਼ੀ ਮੈਦਾਨਾਂ ’ਚ ਹੀ ਆਪਣਾ ਸ਼ੌਕ ਪੂਰਾ ਕਰ ਰਹੇ ਹਨ। ਸ਼ਹਿਰ ’ਚ ਨੌਜਵਾਨਾਂ ਤੇ ਬੱਚਿਆਂ ਦੇ ਖੇਡਣ ਲਈ ਕੋਈ ਵੀ ਖੇਡ ਮੈਦਾਨ ਤੇ ਸਟੇਡੀਅਮ ਨਹੀਂ ਹੈ। ਨਗਰ ਕੌਂਸਲ ਵੱਲੋਂ ਕਾਫੀ ਸਮਾਂ ਪਹਿਲਾਂ ਇਥੋਂ ਦੀ ਬਰਵਾਲਾ ਰੋਡ ’ਤੇ ਇਕ ਇੰਡੋਰ ਸਟੇਡੀਅਮ ਦੀ ਉਸਾਰੀ ਕੀਤੀ ਗਈ ਸੀ ਪਰ ਇਸਦੀ ਦੇਖ-ਰੇਖ ਨਾ ਹੋਣ ਕਾਰਨ ਇਸਦੀ ਹਾਲਤ ਹੁਣ ਕਾਫੀ ਖਸਤਾ ਹੋ ਗਈ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਇਸਦੀ ਲੋੜ ਨਾ ਮਹਿਸੂਸ ਕਰਦਿਆਂ ਇਸਦੇ ਬਾਹਰ ਬਣੇ ਕਮਰੇ ’ਚ ਲੇਬਰ ਇੰਸਪੈਕਟਰ ਨੇ ਆਪਣਾ ਦਫਤਰ ਖੋਲ੍ਹ ਲਿਆ ਹੈ। ਸਟੇਡੀਅਮ ਦੇ ਅੰਦਰ ਕੁੜੇ ਦੇ ਢੇਰ ਲੱਗੇ ਹੋਏ ਹਨ। ਇਸਦੇ ਅੰਦਰ ਬੈੱਡਮਿੰਟਨ ਖੇਡਣ ਲਈ ਉਸਾਰਿਆ ਮਹਿਲਾ ਕੋਰਟ ਬਿਲਕੁਲ ਟੁੱਟ ਚੁੱਕਾ ਹੈ। ਲੰਮੇ ਸਮੇਂ ਤੋਂ ਖਿਡਾਰੀ ਇਸਦੀ ਮੁਰੰਮਤ ਕਰਨ ਦੀ ਮੰਗ ਕਰ ਰਹੇ ਹਨ ਪਰ ਕੌਂਸਲ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸ਼ਹਿਰ ’ਚ ਜਿਥੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰਾਂ ਕੋਈ ਵੀ ਖੇਡ ਮੈਦਾਨ ਜਾਂ ਸਟੇਡੀਅਮ ਬਣਾਉਣ ਵਿੱਚ ਨਾਕਾਮ ਸਾਬਤ ਹੋਏ ਹਨ, ਉਥੇ ਮੋਰਨਿੰਗ ਵਾਕ ਕਲੱਬ ਵੱਲੋਂ ਇਥੋਂ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਦੀ ਕਾਫੀ ਸਾਲਾਂ ਤੋਂ ਦੇਖ-ਰੇਖ ਕਰ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਕਲੱਬ ਦੇ ਅਹੁਦੇਦਾਰਾਂ ਵੱਲੋਂ ਇਸ ਮੈਦਾਨ ਦੇ ਆਲੇ ਦੁਆਲੇ ਵੱਡੀ ਗਿਣਤੀ ’ਚ ਛਾਂਦਾਰ ਤੇ ਹੋਰ ਦਰੱਖ਼ਤ ਵੀ ਲਾਏ ਹੋਏ ਹਨ। ਮੈਦਾਨ ਵਿੱਚ ਤਿਆਰ ਕੀਤੇ ਟਰੈਕ ਵਿੱਚ ਵੱਡੀ ਗਿਣਤੀ ਇਲਾਕੇ ਦੇ ਨੌਜਵਾਨ ਆ ਕੇ ਪ੍ਰੈਕਟਿਸ ਤੇ ਸੈਰ ਕਰਦੇ ਹਨ। ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਖੇਡ ਮੇਲਾ 2022 ਦੇ ਮੁਕਾਬਲੇ ਵੀ ਇਸੇ ਮੈਦਾਨ ਵਿੱਚ ਹੀ ਕਰਵਾਏ ਜਾਣਗੇ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਛੇਤੀ ਹੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਲਕੇ ’ਚ ਖੇਡ ਮੈਦਾਨ ਤੇ ਸਟੇਡੀਅਮ ਦੀ ਉਸਾਰੀ ਕੀਤੀ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਅਧਿਕਾਰੀਆਂ ਨੂੰ ਹਦਾਇਤ ਕਰਕੇ ਬਰਵਾਲਾ ਰੋਡ ’ਤੇ ਇੰਡੋਰ ਸਟੇਡੀਅਮ ਦੀ ਹਾਲਤ ਸੁਧਾਰੀ ਜਾਏਗੀ।