ਪੱਤਰ ਪ੍ਰੇਰਕ
ਕੁਰਾਲੀ, 13 ਮਾਰਚ
ਇੱਥੋਂ ਨੇੜਲੇ ਪਿੰਡ ਖਿਜ਼ਰਾਬਾਦ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਹੋਲਾ ਮਹੱਲਾ ਅੱਜ ਸਮਾਪਤ ਹੋਇਆ। ਅੰਤਿਮ ਦਿਨ ਭਾਰੀ ਗਿਣਤੀ ਸੰਗਤ ਨੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਜਸ ਸੁਣਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਸ ਪਿੰਡ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਵਿਖੇ ਪ੍ਰਬੰਧਕ ਕਮੇਟੀਆਂ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਹੋਲਾ ਮਹੱਲਾ ਸਮਾਗਮਾਂ ਦੇ ਅੰਤਿਮ ਦਿਨ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਸਜ਼ੇ ਖੁੱਲ੍ਹੇ ਦੀਵਾਨਾਂ ਵਿਚ ਗਿਆਨੀ ਗੁਰਦੇਵ ਸਿੰਘ ਮੋਹੀ, ਗਿਆਨੀ ਗੁਰਵਿੰਦਰ ਸਿੰਘ ਬੈਂਸ, ਗਿਆਨੀ ਮਲਕੀਤ ਸਿੰਘ ਬੀਏ, ਸ਼ਮਸ਼ੇਰ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ, ਗੁਰਜੀਤ ਸਿੰਘ ਘਟੌਰ ਆਦਿ ਤੋਂ ਇਲਾਵਾ ਹੋਰਨਾਂ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ, ਕਥਾ ਅਤੇ ਵਿਚਾਰਾਂ ਨਾਲ ਨਿਹਾਲ ਕੀਤਾ। ਬਾਬਾ ਜ਼ੋਰਵਾਰ ਸਿੰਘ ਕਲੱਬ ਖਿਜ਼ਰਾਬਾਦ ਅਤੇ ਨੌਜਵਾਨ ਸੁਧਾਰ ਸਭਾ ਗੰਧੋਂ ਕਲਾਂ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸੈਕਟਰ 37 ਦੇ ਬਲੱਡ ਬੈਂਕ ਦੀ ਟੀਮ ਨੇ 125 ਯੂਨਿਟ ਖ਼ੂਨ ਇਕੱਤਰ ਕੀਤਾ।
ਫੜ੍ਹੀਆਂ ਨਾ ਲਾਉਣ ਦੇ ਹੁਕਮਾਂ ’ਤੇ ਰੇੜਕਾ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸਾਸ਼ਨ ਨੇ ਹੋਲੇ ਮਹੱਲੇ ਮੌਕੇ ਮੇਨ ਰੋਡ ਦੇ ਆਲੇ ਦੁਆਲੇ ਅਤੇ ਮੇਨ ਚੌੌਂਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਇਆ ਕਿਲ੍ਹਾ ਅਨੰਦਗੜ੍ਹ ਸਾਹਿਬ, ਲੋਅਰ ਸਾਈਡ ਤੋਂ ਪੰਜ ਪਿਆਰਾ ਪਾਰਕ ਤੱਕ ਪੈਂਦੀਆਂ ਸੜਕਾਂ ਦੇ ਫੁੱਟਪਾਥਾਂ ’ਤੇ ਦੁਕਾਨਾਂ ਅਤੇ ਫੜ੍ਹੀਆਂ ਲਾਉਣ ’ਤੇ ਰੋਕ ਲਗਾਈ ਹੈ। ਇਨ੍ਹਾਂ ਹੁਕਮਾਂ ਕਾਰਨ ਦੁਕਾਨਾਂ-ਫੜ੍ਹੀਆਂ ਲਗਾਉਣ ਵਾਲਿਆਂ ਵਿਚ ਭਾਰੀ ਰੋਸ ਹੈ। ਇਸ ਸਬੰਧੀ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਇਹ ਮਸਲਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਡਿਪਟੀ ਕਮਿਸ਼ਨਗਰ ਸੋਨਾਲੀ ਗਿਰੀ ਨੇ ਕਿਹਾ ਕਿ ਇਹ ਪਾਬੰਦੀਆਂ ਨਾਜਾਇਜ਼ ਫੜ੍ਹੀਆਂ ਵਾਲਿਆਂ ’ਤੇ ਲਗਾਈਆਂ ਹਨ। ਨਗਰ ਕੌਂਸਲ ਵੱਲੋਂ ਕਿਰਾਏ ’ਤੇ ਦਿੱਤੀ ਥਾਂ ’ਤੇ ਕੋਈ ਪਾਬੰਦੀ ਨਹੀਂ।