ਪੱਤਰ ਪ੍ਰੇਰਕ
ਚੰਡੀਗੜ੍ਹ, 12 ਮਈ
ਕਵੀ ਕਿਦਾਰ ਨਾਥ ਕਿਦਾਰ 97 ਸਾਲ ਦੀ ਉਮਰ ਭੋਗ ਕੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਦਾਰ ਨਾਥ ਕਿਦਾਰ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ। ਡਾ. ਸਿਰਸਾ ਨੇ ਦੱਸਿਆ ਕਿ ਕਵੀ ਕਿਦਾਰ ਨਾਥ ਦਾ ਜਨਮ 13 ਜਨਵਰੀ 1924 ਨੂੰ ਮਾਤਾ ਸਰਸਵਤੀ ਦੇ ਪਿਤਾ ਗਿਰਧਾਰੀ ਲਾਲ ਦੇ ਘਰੇ ਹੋਇਆ ਸੀ। ਉਨ੍ਹਾਂ ਸੱਤ ਕਾਵਿ ਸੰਗ੍ਰਹਿ ਹਿੰਦੀ ਅਤੇ ਪੰਜਾਬੀ ਵਿਚ ਰਚੇ- ‘ਯਾਦਾਂ ਦੇ ਮਾਰੂਥਲ’, ‘ਮਹਿਕ ਪਿਆਰ ਦੀ’, ‘ਸੁਮਨ ਯਾਦਾਂ’, ‘ਰਾਹੁਲ ਯਾਦਾਂ’, ‘ਦੋ ਬੋਲ ਪਿਆਰ ਦੇ’, ‘ਕਿਦਾਰਨਾਮਾ’ ਅਤੇ ‘ਪਲ ਦੋ ਪਲ ਦਾ ਸਾਥ’, ਇਕ ਨਾਟਕ ਸੰਗ੍ਰਹਿ ‘50 ਰੇਡੀਓ ਨਾਟਕ’ ਅਤੇ ‘ਸਫ਼ਰਨਾਮਾ’ ਸਾਹਿਤ ਜਗਤ ਦੀ ਝੋਲੀ ਪਾਏ। ਉਨ੍ਹਾਂ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਰਿਆਣਾ ਪੰਜਾਬੀ ਮਹਾਂ ਕਵੀ ਭਾਈ ਸੰਤੋਖ ਸਿੰਘ ਪੁਰਸਕਾਰ-2011 ਵਿਚ ਪ੍ਰਦਾਨ ਕੀਤਾ ਗਿਆ ਸੀ।
ਮੁਹਾਲੀ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਕਵੀ ਅਤੇ ਪੰਜਾਬ ਮੰਚ ਮੁਹਾਲੀ ਦੇ ਪ੍ਰਧਾਨ ਡਾ ਸੁਰਿੰਦਰ ਗਿੱਲ ਨੇ ਉੱਘੇ ਲੇਖਕ ਕਿਦਾਰ ਨਾਥ ਕਿਦਾਰ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਦਾਰ ਅਦਬੀ ਟਰੱਸਟ ਪੰਚਕੂਲਾ ਰਾਹੀਂ ਸਾਹਿਤ ਦੀ ਵਡਮੁੱਲੀ ਸੇਵਾ ਕੀਤੀ ਹੈ ਤੇ ਉਨ੍ਹਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪੰਜਾਬੀ ਲੇਖਕ ਡਾ. ਸਵੈਰਾਜ ਸੰਧੂ ਦੀ ਮਾਤਾ ਸੁਰਜੀਤ ਕੌਰ ਦੇ ਵਿਛੋੜੇ ਉੱਤੇ ਵੀ ਦੁੱਖ ਪ੍ਰਗਟਾਇਆ।