ਪੱਤਰ ਪ੍ਰੇਰਕ
ਲਾਲੜੂ, 8 ਮਈ
ਪਿੰਡ ਦੱਪਰ ਵਿੱਚੋਂ 7 ਸਾਲਾ ਬੱਚੀ ਜੋ ਭੇਤਭਰੀ ਹਾਲਤ ਵਿੱਚ ਅਗਵਾ ਕਰ ਲਈ ਸੀ, ਨੂੰ ਪੁਲੀਸ ਨੇ 24 ਘੰਟੇ ਵਿੱਚ ਬਰਾਮਦ ਕਰਕੇ ਅਗਵਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੱਚੀ ਦਾ ਮੈਡੀਕਲ ਕਰਵਾ ਕੇ ਉਸ ਨੂੰ ਮਾਪਿਆ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਮੁਖੀ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਜੋ ਮੂਲ ਰੁੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਹੈ, ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਪਿੰਡ ਦੱਪਰ ਵਿੱਚ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਅਤੇ ਮਿਹਨਤ ਮਜ਼ਦੂਰੀ ਕਰਦੀ ਹੈ। ਇਸੇ ਦੌਰਾਨ 5 ਮਈ ਨੂੰ ਉਨ੍ਹਾਂ ਦੀ ਲੜਕੀ ਭੇਤਭਰੀ ਹਾਲਤ ਚ ਗਾਇਬ ਹੋ ਗਈ, ਜਿਸ ਦੀ ਕਾਫੀ ਭਾਲ ਕੀਤੀ ਕੋਈ ਸੁਰਾਗ ਨਾ ਲੱਗਿਆ। ਉਨ੍ਹਾਂ 6 ਮਈ ਨੂੰ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ, ਪੁਲੀਸ ਨੇ ਜਾਂਚ ਕਰਦਿਆਂ 7 ਮਈ ਨੂੰ ਬੱਚੀ ਨੂੰ ਅਗਵਾ ਕਰਨ ਵਾਲੇ ਮੁਲਜ਼ਮ ਰਣਜੀਤ ਸਿੰਘ ਨਿਵਾਸੀ ਬੇਰੀਆ, ਜਿਲ੍ਹਾ ਮੁਤਹਾਰੀ, ਨੇਪਾਲ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਨਾਬਾਲਗ ਬੱਚੀ ਵੀ ਬਰਾਮਦ ਕਰ ਲਈ। ਮੁਲਜ਼ਮ ਨੇ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਵੀ ਪਿੰਡ ਦੱਪਰ ਵਿੱਚ ਕਿਸੇ ਕਿਸਾਨ ਕੋਲ ਕੰਮ ਕਰਦਾ ਹੈ ਅਤੇ ਲੜਕੀ ਨੂੰ ਆਪਣੇ ਨਾਲ ਨੇਪਾਲ ਲਿਜਾਣ ਦੀ ਨੀਯਤ ਨਾਲ ਅਗਵਾ ਕੀਤਾ ਸੀ, ਜੋ ਲੌਕਡਾਊਨ ਲੱਗਣ ਕਾਰਨ ਨਹੀਂ ਜਾ ਸਕਿਆ।