ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਜੂਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਪਰਾਧ ਵਧ ਰਹੇ ਹਨ। ਪਿਛਲੇ ਦਿਨੀਂ ਮੁਹਾਲੀ ਨੇੜਲੇ ਪਿੰਡ ਬੜਮਾਜਰਾ ਵਿੱਚ ਚਾਕੂ ਅਤੇ ਇੱਟਾਂ ਮਾਰ ਕੇ ਇਕ ਪੇਂਟਰ ਦੇ ਕਤਲ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਅੱਜ ਸ਼ਹਿਰ ਵਿੱਚ ਇਕ ਹੋਰ ਕਤਲ ਦੀ ਵਾਰਦਾਤ ਕਾਰਨ ਲੋਕ ਸਹਿਮ ਗਏ ਹਨ। ਮੁਹਾਲੀ ਪੁਲੀਸ ਨੇ ਅੱਜ ਇੱਥੋਂ ਦੇ ਵਾਈਪੀਐਸ ਚੌਕ ਫੇਜ਼-8 ਨੇੜੇ ਸ਼ਰਾਬ ਦੇ ਠੇਕੇ ਦੇ ਪਿੱਛੇ ਖਾਲੀ ਗਰਾਉੂਂਡ ਵਿੱਚ ਖੂਨ ਨਾਲ ਲੱਥ-ਪੱਥ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਰਾਜਾ ਰਾਮ (30) ਵਾਸੀ ਅੰਬ ਸਾਹਿਬ ਕਲੋਨੀ ਵਜੋਂ ਹੈ। ਉਹ ਇੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ। ਰਾਜਾ ਰਾਮ ਮਾਲੀ ਅਤੇ ਮਜ਼ਦੂਰੀ ਦਾ ਕਰਦਾ ਸੀ। ਇਸ ਸਬੰਧੀ ਠੇਕੇ ਕੋਲੋਂ ਲੰਘ ਰਹੇ ਇਕ ਰਾਹਗੀਰ ਨੇ ਸਵੇਰੇ 9 ਵਜੇ ਪੁਲੀਸ ਨੂੰ ਇਤਲਾਹ ਦਿੱਤੀ।
ਸੂਚਨਾ ਮਿਲਦੇ ਸੈਂਟਰਲ ਥਾਣਾ ਫੇਜ਼-8 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਬਾਅਦ ਵਿੱਚ ਡੀਐਸਪੀ (ਸਿਟੀ-2) ਦੀਪ ਕੰਵਲ ਅਤੇ ਥਾਣਾ ਮੁਖੀ ਇੰਸਪੈਕਟਰ ਰਜਨੀਸ਼ ਚੌਧਰੀ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਕੋਲੋਂ ਖੂਨ ਨਾਲ ਲਿੱਬੜੀ ਹੋਈ ਨਲਕੇ ਦੀ ਹੱਥੀ ਵੀ ਬਰਾਮਦ ਕੀਤੀ ਹੈ। ਪੁਲੀਸ ਦਾ ਮੰਨਣਾ ਹੈ ਕਿ ਨਲਕੇ ਦੀ ਹੱਥੀ ਨਾਲ ਸਿਰ ਵਿੱਚ ਕਈ ਵਾਰ ਕਰਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਇਕ ਬਾਂਹ ’ਤੇ ਬਣੇ ਟੈਟੂ ਦੇ ਦਿਲ ਵਿੱਚ ਰਾਜਾ ਰਾਮ ਲਿਖਿਆ ਹੋਇਆ ਹੈ, ਜੋ ਦੇਖਣ ਨੂੰ ਪਰਵਾਸੀ ਮਜ਼ਦੂਰ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਸੈਂਪਲ ਲਏ ਹਨ।
ਉਧਰ, ਡੀਐਸਪੀ (ਸਿਟੀ-2) ਦੀਪ ਕੰਵਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਨਲਕੇ ਦੀ ਹੱਥੀ ਨਾਲ ਸਿਰ ਵਿੱਚ ਹਮਲਾ ਕਰਕੇ ਪਰਵਾਸੀ ਮਜ਼ਦੂਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੇਂਟਰ ਕਤਲ ਮਾਮਲੇ ਵਿੱਚ ਪੁਲੀਸ ਦੇ ਹੱਥ ਅਜੇ ਵੀ ਖ਼ਾਲੀ
ਇੱਥੋਂ ਦੇ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਕਤਲ ਸਬੰਧੀ ਅੱਜ ਤੀਜੇ ਦਿਨ ਵੀ ਪੁਲੀਸ ਨੂੰ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ ਅਤੇ ਸਾਰੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਬਲੌਂਗੀ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਨਿਚਰਵਾਰ ਦੀ ਰਾਤ ਨੂੰ ਪੇਂਟਰ ਸੰਜੇ ਯਾਦਵ ਦੇ ਘਰ ਨੇੜੇ ਤਿੰਨ ਵਿਅਕਤੀ ਗਲੀ ਪਿਸ਼ਾਬ ਕਰ ਰਹੇ ਸੀ। ਪੇਂਟਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਕੀਤਾ ਤਾਂ ਨਸ਼ੇ ਵਿੱਚ ਟੱਲੀ ਵਿਅਕਤੀ ਉਸ ਨਾਲ ਝਗੜਾ ਕਰਨ ਲੱਗ ਪਏ ਅਤੇ ਬਾਅਦ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੇਂਟਰ ਦਾ ਚਾਕੂ ਅਤੇ ਇੱਟਾਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਪਾਠੀ ਦੀ ਕੁੱਟਮਾਰ: ਐੱਸਐੱਸਪੀ ਨੇ ਡੀਐੱਸਪੀ ਨੂੰ ਸੌਂਪੀ ਜਾਂਚ
ਇੱਥੋਂ ਦੇ ਫੇਜ਼-1 ਦੇ ਵਸਨੀਕ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਪਾਠੀ ਸਿੰਘ ਧਰਮ ਸਿੰਘ ਨੇ ਇਕ ਪੰਜਾਬੀ ਗਾਇਕ ’ਤੇ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਅਤੇ ਦਸਤਾਰ ਅਤੇ ਕਕਾਰਾਂ ਦੀ ਕਥਿਤ ਬੇਅਦਬੀ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਪਾਠੀ ਇਨਸਾਫ਼ ਪ੍ਰਾਪਤੀ ਲਈ ਪਿਛਲੇ ਤਿੰਨ ਮਹੀਨੇ ਤੋਂ ਸੈਂਟਰਲ ਥਾਣਾ ਫੇਜ਼-8 ਵਿੱਚ ਖੱਜਲ-ਖੁਆਰ ਹੋ ਰਿਹਾ ਹੈ। ਅੱਜ ਪਾਠੀ ਧਰਮ ਸਿੰਘ ਨੇ ਆਪਣੇ ਵਕੀਲ ਦਿਲਸ਼ੇਰ ਸਿੰਘ ਨਾਲ ਐੱਸਐੱਸਪੀ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਗਾਇਕ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪਾਠੀ ਅਤੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬੇਅੰਤ ਸਿੰਘ ਉੱਤੇ ਗਾਇਕ ਨਾਲ ਰਾਜ਼ੀਨਾਮਾ ਕਰਨ ਦਾ ਦੋਸ਼ ਲਾਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਪਾਠੀ ਦੀ ਫਰਿਆਦ ਸੁਣਨ ਤੋਂ ਬਾਅਦ ਡੀਐੱਸਪੀ (ਸਿਟੀ-2) ਦੀਪ ਕੰਵਲ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਉਧਰ ਤਫ਼ਤੀਸ਼ੀ ਅਫ਼ਸਰ ਏਐੱਸਆਈ ਬੇਅੰਤ ਸਿੰਘ ਨੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਕਰਕੇ ਗਵਾਹ ਟੈਕਸੀ ਚਾਲਕ ਆਪਣੇ ਪਿੰਡ ਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਾਇਕ ਨੂੰ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ।