ਮਿਹਰ ਸਿੰਘ
ਕੁਰਾਲੀ, 12 ਅਕਤੂਬਰ
ਇੱਕ ਪਾਸੇ ਸ਼ਹਿਰ ਦੇ ਕਈ ਵਿਕਾਸਸ਼ੀਲ ਵਾਰਡਾਂ ਦੇ ਲੋਕਾਂ ਨੂੰ ਗਲੀਆਂ ਤੇ ਨਾਲੀਆਂ ਦੀ ਅਣਹੋਂਦ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜਦਕਿ ਦੂਜੇ ਪਾਸੇ ਕੌਂਸਲ ਆਪਣੇ ਚਹੇਤਿਆਂ ਨੂੰ ਲਾਹਾ ਪਹੁੰਚਾਉਣ ਲਈ ਪਹਿਲਾਂ ਬਣੀਆਂ ਗਲੀਆਂ ਨੂੰ ਪੁੱਟ ਕੇ ਨਵੇਂ ਸਿਰੇ ਤੋਂ ਪੇਵਰ ਲਗਾ ਰਹੀ ਹੈ। ਸ਼ਹਿਰ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸ਼ਹਿਰ ਦੀ ਚੰਡੀਗੜ੍ਹ ਰੋਡ ਨੂੰ ਜੋੜਦੀ ਨਿਊਂ ਮਾਸਟਰ ਕਲੋਨੀ ਦੀ ਗਲੀ ਵਿੱਚ ਕੌਂਸਲ ਵਲੋਂ ਕਰੀਬ ਦੋ ਵਰ੍ਹੇ ਪਹਿਲਾਂ ਪੇਵਰ ਬਲਾਕ (ਟਾਈਲਾਂ) ਲਗਾ ਦੇ ਪੱਕਾ ਕੀਤਾ ਗਿਆ ਸੀ ਪਰ ਹੁਣ ਕੌਂਸਲ ਵਲੋਂ ਇਸ ਗਲੀ ਵਿੱਚ ਲੱਗੀਆਂ ਟਾਈਲਾਂ ਨੂੰ ਪੁੱਟ ਕੇ ਨਵੀਆਂ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਗਲੀਆਂ ਤੇ ਨਾਲੀਆਂ ਤੋਂ ਤਰਸ ਰਹੀਆਂ ਕਲੋਨੀਆਂ ਦੇ ਵਸਨੀਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।
ਸ਼ਹਿਰੀਆਂ ਨੇ ਦੱਸਿਆ ਕਿ ਕੌਂਸਲ ਦੇ ਕੁਝ ਅਧਿਕਾਰੀ ਤੇ ਕਰਮਚਾਰੀ ਸਿਆਸਤ ਕਰ ਰਹੇ ਹਨ ਅਤੇ ਆਪਣੇ ਸਿਆਸੀ ਚਹੇਤਿਆਂ ਨੂੰ ਲਾਹਾ ਪਹੁੰਚਾਉਣ ਲਈ ਹੀ ਇਸ ਗਲੀ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਕਾਰਵਾਈ ਦਾ ਭਰੋਸਾ ਦਿੱਤਾ।