ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੁਲਾਈ
ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਸੈਕਟਰ 20 ਅਤੇ ਸੈਕਟਰ 30 ਵਿੱਚ ਦੋ ਕਮਿਊਨਿਟੀ ਸੈਂਟਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਦਾ ਮੰਤਵ ਸ਼ਹਿਰ ਵਾਸੀਆਂ ਨੂੰ ਅਜਿਹੀ ਥਾਂ ਉਪਲਬਧ ਕਰਵਾਉਣਾ ਹੈ ਜਿੱਥੇ ਭਾਈਚਾਰੇ ਦੇ ਸਾਰੇ ਮੈਂਬਰ ਵੱਖ-ਵੱਖ ਗਤੀਵਿਧੀਆਂ ਲਈ ਇਕੱਠੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਵਿੱਚ ਕਮਿਊਨਿਟੀ ਸੈਂਟਰ ਹਨ, ਜੋ ਕਈ ਤਰ੍ਹਾਂ ਦੀਆਂ ਭਾਈਚਾਰਕ ਗਤੀਵਿਧੀਆਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਈ-ਸੰਪਰਕ ਰਾਹੀਂ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਦੀਆਂ ਸੇਵਾਵਾਂ ਨੂੰ ਕੇਂਦਰੀਕਰਨ ਕਰਕੇ ਨਾ ਸਿਰਫ਼ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਸਹੂਲਤ ਪ੍ਰਦਾਨ ਕਰ ਰਿਹਾ ਹੈ ਸਗੋਂ ਇਨ੍ਹਾਂ ਦੀ ਬੁਕਿੰਗ ਦੇ ਮਾਮਲੇ ਵਿੱਚ ਸਿਸਟਮ ਨੂੰ ਨਿਰਪੱਖ ਰੱਖ ਰਿਹਾ ਹੈ।
ਮੇਅਰ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸੈਕਟਰ 30 ਵਿੱਚ ਕਮਿਊਨਿਟੀ ਸੈਂਟਰ ਦੀ ਇਮਾਰਤ 18500 ਵਰਗ ਮੀਟਰ ਦੇ ਰਕਬੇ ਵਿੱਚ ਬਣਾਈ ਗਈ ਜੋ ਲਗਪਗ ਇੱਕ ਏਕੜ ਦੇ ਪਲਾਟ ਖੇਤਰ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਦੀ ਇਮਾਰਤ ਦੀ ਉਸਾਰੀ ’ਤੇ 4.50 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਕਮਿਊਨਿਟੀ ਸੈਂਟਰ ਵਿੱਚ ਇੱਕ ਵਾਰ ਪਾਰਟੀ ਵਿੱਚ 500 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਪਾਰਕਿੰਗ ਲਈ ਲੋੜੀਂਦੀ ਥਾਂ ਹੈ।