ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਾਰਚ
ਸੈਕਟਰ-37 ਵਿੱਚ ਸਥਿਤ ਕੋਠੀ ’ਤੇ ਕਬਜ਼ਾ ਕਰਨ ਅਤੇ ਕੋਠੀ ਦੇ ਮਾਲਕ ਰਾਹੁਲ ਮਹਿਤਾ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਸੈਕਟਰ-39 ਦੇ ਤਤਕਾਲੀ ਐੱਸਐੱਚਓ ਇੰਸਪੈਕਟਰ ਰਾਜਦੀਪ ਸਿੰਘ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਰਾਜਦੀਪ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਰਾਜਦੀਪ ਦੇ ਵਕੀਲ ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਰਾਜਦੀਪ ਨੇ ਥਾਣਾ ਸੈਕਟਰ-39 ਦੇ ਮੁਖੀ ਵਜੋਂ ਆਈ ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਸੀ। ਪੁਲੀਸ ਮੈਡੀਕਲ ਸਰਟੀਫਿਕੇਟ ਜਾਂ ਪੁਰਾਣੀ ਸ਼ਿਕਾਇਤਾਂ ਦੇ ਨਾਮ ’ਤੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਡੀਗੜ੍ਹ ਪੁਲੀਸ ਦਾ ਕਹਿਣਾ ਹੈ ਕਿ ਰਾਹੁਲ ਮਹਿਤਾ ਨੇ ਥਾਣਾ ਸੈਕਟਰ-39 ਵਿੱਚ ਲਿਖਤ ਸ਼ਿਕਾਇਤ ਕੀਤੀ ਸੀ ਪਰ ਥਾਣਾ ਮੁਖੀ ਨੇ ਬਣਦੀ ਕਾਰਵਾਈ ਨਹੀਂ ਕੀਤੀ ਹੈ। ਪੁਲੀਸ ਉਕਤ ਮਾਮਲੇ ਸਬੰਧੀ ਕੇਸ ਦਰਜ ਨਾ ਕਰਨ ’ਤੇ ਰਕਮ ਵਸੂਲੀ ਬਾਰੇ ਵੀ ਪੜਤਾਲ ਕਰ ਰਹੀ ਹੈ। ਸੂਤਰਾਂ ਅਨੁਸਾਰ ਥਾਣਾ ਸੈਕਟਰ-39 ਵਿੱਚ ਤਾਇਨਾਤ ਉਸ ਸਮੇਂ ਦੇ ਹੋਰਨਾਂ ਅਧਿਕਾਰੀਆਂ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਦੂਜੇ ਪਾਸੇ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਗੌਰਤਲਬ ਹੈ ਕਿ ਇੰਸਪੈਕਟਰ ਰਾਜਦੀਪ ਸਿੰਘ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਜਦਕਿ ਅਕਤੂਬਰ 2020 ਵਿੱਚ ਐੱਸਐੱਸਪੀ ਕੁਲਦੀਪ ਚਹਿਲ ਨੇ ਮੁਅੱਤਲ ਕਰ ਦਿੱਤਾ ਸੀ।