ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 31 ਮਈ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 500 ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਅੱਜ ਕੇਸ ਦੀ ਸੁਣਵਾਈ ਮੌਕੇ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਵਾਰਸਾਂ ਦੀ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਵਾਰਸਾਂ ਵੱਲੋਂ ਆਪਣੀ ਜ਼ਮੀਨ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਕਰਨ ਸਬੰਧੀ ਪਿਛਲੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਨੇ ਤੱਥਾਂ ਦੇ ਆਧਾਰ ’ਤੇ ਡਿਟੇਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਖ਼ਬਰ ਲੱਗਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਸੀ।
ਵਾਰਸਾਂ ਦੀ ਪਟੀਸ਼ਨ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਸਮੇਤ ਸਕੂਲ ਮੁਖੀ ਸੁਖਦੀਪ ਕੌਰ ਅਤੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਮਨਜੀਤ ਸਿੰਘ ਪੇਸ਼ ਹੋਏ ਅਤੇ ਆਪਣਾ ਮਜ਼ਬੂਤ ਪੱਖ ਰੱਖਦਿਆਂ ਅਦਾਲਤ ਨੂੰ ਦੱਸਿਆ ਕਿ ਇਸ ਸਕੂਲ ਵਿੱਚ ਲੋੜਵੰਦ ਵਰਗ ਨਾਲ ਸਬੰਧਤ 491 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਜੇਕਰ ਇਹ ਜ਼ਮੀਨ ਵਾਰਸਾਂ ਨੂੰ ਵਾਪਸ ਚਲੀ ਜਾਂਦੀ ਹੈ ਤਾਂ ਇਹ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ।
ਸਰਕਾਰੀ ਵਕੀਲ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਵਾਰਸਾਂ ਦੀ ਪਟੀਸ਼ਨ ਨੂੰ ਰੱਦ ਕਰਨ ਦੀ ਦਲੀਲ ਦਿੱਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਲਗਪਗ ਚਾਰ ਦਹਾਕੇ ਤੋਂ ਇਹ ਸਕੂਲ ਚੱਲ ਰਿਹਾ ਹੈ ਅਤੇ ਇੱਥੇ ਸੈਂਕੜੇ ਬੱਚੇ ਪੜ੍ਹਦੇ ਹਨ। ਸਕੂਲ ਨੂੰ ਜ਼ਮੀਨ ਦਾਨ ਦੇਣ ਵਾਲੇ ਵਿਅਕਤੀ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ 1997 ਵਿੱਚ ਵਸੀਅਤ ਉਨ੍ਹਾਂ ਦੀ ਪਤਨੀ ਰਾਮ ਕੌਰ ਦੇ ਨਾਂ ਹੋ ਗਈ ਸੀ ਪਰ ਦੋ ਦਹਾਕੇ ਤੋਂ ਵੱਧ ਸਮਾਂ ਵਾਰਸ ਚੁੱਪ ਬੈਠੇ ਰਹੇ। ਉਨ੍ਹਾਂ ਦਲੀਲ ਦਿੱਤੀ ਕਿ 12 ਸਾਲ ਤੋਂ ਬਾਅਦ ਕੋਈ ਵਾਰਸ ਆਪਣੀ ਜ਼ਮੀਨ ’ਤੇ ਹੱਕ ਨਹੀਂ ਜਤਾ ਸਕਦਾ। ਲਿਹਾਜ਼ਾ ਇਹ ਕੇਸ ਨਾ ਸੁਣਿਆ ਜਾਵੇ।
ਉਧਰ, ਵਾਰਸਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਕੁੰਭੜਾ ਵਿੱਚ ਬੱਚਿਆਂ ਦੀ ਗਿਣਤੀ ਵਧਣ ਕਾਰਨ ਦੋ ਸਕੂਲਾਂ ਦੀ ਲੋੜ ਸੀ। ਇਸ ਲਈ ਗੁਰਬਖ਼ਸ਼ ਸਿੰਘ ਨੇ ਉਸ ਸਮੇਂ ਦੀ ਗਰਾਮ ਪੰਚਾਇਤ ਨੂੰ ਅਰਜ਼ੀ ਤੌਰ ’ਤੇ ਜ਼ਮੀਨ ਦਿੱਤੀ ਸੀ ਪਰ ਹੁਣ ਸਿੱਖਿਆ ਵਿਭਾਗ ਅਤੇ ਅਧਿਆਪਕ ਨਾ ਤਾਂ ਜ਼ਮੀਨ ਵਾਪਸ ਕਰ ਰਹੇ ਹਨ ਅਤੇ ਨਾ ਹੀ ਕਿਰਾਇਆ ਦੇ ਰਹੇ ਹਨ ਅਤੇ ਨਾ ਹੀ ਕੋਈ ਹੋਰ ਸੈਟਲਮੈਂਟ ਕਰਨ ਨੂੰ ਤਿਆਰ ਹਨ। ਲਿਹਾਜ਼ਾ ਉਨ੍ਹਾਂ ਦੀ ਜ਼ਮੀਨ ਵਾਪਸ ਕੀਤੀ ਜਾਵੇ। ਇਸ ਬਾਰੇ ਬਲਵਿੰਦਰ ਕੁੰਭੜਾ ਨੇ ਕਿਹਾ ਕਿ ਪਿੰਡ ਵਾਸੀ ਗੁਰਬਖ਼ਸ਼ ਸਿੰਘ ਨੇ ਸਕੂਲ ਨੂੰ ਜ਼ਮੀਨ ਦਾਨ ਕੀਤੀ ਸੀ। ਉਸ ਸਮੇਂ ਪੰਚਾਇਤੀ ਮਤੇ ’ਤੇ ਦਸਖ਼ਤ ਕਰਨ ਵਾਲੇ ਦੋ ਪੰਚ ਵੀ ਸਰਕਾਰੀ ਗਵਾਹ ਵਜੋਂ ਗਵਾਹੀ ਦੇਣ ਨੂੰ ਤਿਆਰ ਹਨ। ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਵੇਗੀ।