ਕੁਰਾਲੀ: ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਇੱਥੇ ਇੱਕ ਸਮਾਗਮ ਦੌਰਾਨ ਐਲਾਨ ਕੀਤਾ ਕਿ ਹਲਕੇ ਦੇ ਸ਼ਹਿਰ ਕੁਰਾਲੀ ਤੇ ਖਰੜ ਵਾਸੀਆਂ ਦੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਦੋਵੇਂ ਸ਼ਹਿਰਾਂ ਨੂੰ ਮੁਹਾਲੀ ਤੇ ਚੰਡੀਗੜ੍ਹ ਦੀ ਤਰਜ਼ ’ਤੇ ਕਜੌਲੀ ਵਾਟਰ ਵਰਕਸ ਨਾਲ ਜੋੜਿਆ ਜਾਵੇਗਾ। ਸ੍ਰੀਮਤੀ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਭਗਵੰਤ ਮਾਨ ਸਰਕਾਰ ਨੇ 147 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ ਹੈ। ਸਥਾਨਕ ਅਨਾਜ ਮੰਡੀ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਸ੍ਰੀਮਤੀ ਮਾਨ ਨੇ ਕਿਹਾ ਇਸ ਫ਼ੈਸਲੇ ਨਾਲ ਹੁਣ ਖਰੜ ਸ਼ਹਿਰ ਲਈ 5 ਮਿਲੀਅਨ ਗੈਲਨ ਪ੍ਰਤੀ ਦਿਨ ਅਤੇ ਕੁਰਾਲੀ ਸ਼ਹਿਰ ਲਈ 1 ਮਿਲੀਅਨ ਗੈਲਨ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਅਨਮੋਲ ਗਗਨ ਮਾਨ ਨੇ ਹਲਕੇ ਨੂੰ ਇਹ ਪ੍ਰਾਜੈਕਟ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਪ੍ਰਾਜੈਕਟ ਦੇ ਪਾਸ ਹੋਣ ਨਾਲ ਕੈਬਨਿਟ ਮੰਤਰੀ ਨੇ ਖੁਦ ਲੱਡੂ ਵੰਡ ਕੇ ਇਲਾਕੇ ਦੇ ਲੋਕਾਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। -ਪੱਤਰ ਪ੍ਰੇਰਕ