ਮਿਹਰ ਸਿੰਘ
ਕੁਰਾਲੀ, 5 ਅਕਤੂਬਰ
ਇਥੋਂ ਦੇ ਨਗਰ ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਵਿਚਾਲੇ ਸ਼ਬਦੀ ਜੰਗ ਵਾਲੀ ਸਥਿਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਸਾਥੀ ਕੌਂਸਲਰ ਜਸਵਿੰਦਰ ਸਿੰਘ ਗੋਲਡੀ ਅਤੇ ਜੱਗੀ ਗੌਤਮ ਸਣੇ ਪੈਂਤੁਪਰ ਦੇ ਉਸਾਰੀ ਅਧੀਨ ਘਰ ’ਤੇ ਛਾਪਾ ਮਾਰਨ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਸਥਾਨਕ ਕੌਂਸਲ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੀ ਕੋਠੀ ਦੇ ਨਿਰਮਾਣ ਦੌਰਾਨ ਕੌਂਸਲ ਦੇ ਸਫ਼ਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਕੰਮ ਕਰਦੇ ਆ ਰਹੇ ਹਨ। ਕੌਂਸਲ ਪ੍ਰਧਾਨ ਨੇ ਕਾਰਜਸਾਧਕ ਅਫ਼ਸਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਗੱਡੀਆਂ ’ਚ ਕੌਂਸਲ ਦੇ ਖਰਚ ’ਤੇ ਪੈਟਰੋਲ ਪੈ ਰਿਹਾ ਹੈ।
ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਕੌਂਸਲ ਪ੍ਰਧਾਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਸਲ ਵਿੱਚ ਕੌਂਸਲ ’ਤੇ ਕੌਂਸਲਰਾਂ ਦਾ ਨਹੀਂ ਸਗੋਂ ਕੌਂਸਲਰਾਂ ਦੇ ਰੂਪ ਵਿੱਚ ਕਲੋਨਾਈਜ਼ਰਾਂ ਤੇ ਬਿਡਲਰਾਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਕਿਤੇ ਵੀ ਪ੍ਰਾਈਵੇਟ ਕੰਮ ਲਈ ਨਹੀਂ ਭੇਜਿਆ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਸ਼ਹਿਰ ਦੀਆਂ ਅਣਅਧਿਕਾਰਿਤ ਕਲੋਨੀਆਂ ਨੂੰ ‘ਇਤਰਾਜ਼ਹੀਣਤਾ ਸਰਟੀਫਿਕੇਟ’ ਜਾਰੀ ਕਰਨ ’ਤੇ ਰੋਕ ਲਗਾਈ ਹੋਈ ਹੈ ਜਿਸ ਤੋਂ ਕੌਂਸਲਰ ਖ਼ਫ਼ਾ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਕਰੀਬ 24-25 ਕਰੋੜ ਰੁਪਏ ਕਲੋਨਾਈਜ਼ਰਾਂ ਵੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੌਂਸਲਰਾਂ ਦੇ ਹੱਕ ਵਿੱਚ ਭੁਗਤ ਕੇ ਪ੍ਰਧਾਨ ਉਨ੍ਹਾਂ ਦੇ ਖ਼ਿਲਾਫ਼ ਦਬਾਅ ਬਣਾ ਰਹੇ ਹਨ ਉਨ੍ਹਾਂ ਕੌਂਸਲਰਾਂ ਦੇ ਪਰਿਵਾਰਾਂ ਵੱਲ ਹੀ ਤਿੰਨ ਕਰੋੜ ਤੋਂ ਵੀ ਵੱਧ ਦੀ ਰਕਮ ਬਕਾਇਆ ਖੜ੍ਹੀ ਹੈ। ਉਨ੍ਹਾਂ ਕੌਂਸਲ ਦੇ ਖਰਚੇ ’ਚੋਂ ਰਿਸ਼ਤੇਦਾਰਾਂ ਦੀਆਂ ਗੱਡੀਆਂ ਵਿੱਚ ਪੈਟਰੋਲ ਪਵਾਉਣ ਨੂੰ ਗਲਤ ਦੱਸਦਿਆਂ ਕਿਹਾ ਕਿ ਜੇਕਰ ਪ੍ਰਧਾਨ ਇਹ ਦੋਸ਼ ਸਾਬਤ ਕਰ ਦੇਣ ਤਾਂ ਉਹ ਨੌਕਰੀ ਛੱਡਣ ਲਈ ਤਿਆਰ ਹਨ।
ਕੌਂਸਲਰਾਂ ਦਾ ਧੜਾ ਕਾਰਜਸਾਧਕ ਅਫ਼ਸਰ ਦੀ ਹਮਾਇਤ ਵਿੱਚ ਨਿੱਤਰਿਆ
ਕੌਂਸਲਰਾਂ ਦਾ ਇਕ ਧੜਾ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦੀ ਹਮਾਇਤ ਵਿੱਚ ਨਿੱਤਰਿਆ ਹੈ। ਕੌਂਸਲਰ ਨੰਦੀਪਾਲ ਬਾਂਸਲ ਤੇ ਬਹਾਦਰ ਸਿੰਘ ਓਕੇ ਦੀ ਅਗਵਾਈ ਵਿੱਚ ਇਸ ਧੜੇ ਦੇ ਕੌਂਸਲਰਾਂ ਨੇ ਮੀਡੀਆ ਦੇ ਮੁਖ਼ਾਤਬਿ ਹੁੰਦਿਆਂ ਕਿਹਾ ਕਿ ਗੁਰਦੀਪ ਸਿੰਘ ਸ਼ਹਿਰ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਲਡਰਾਂ ਤੇ ਕਲੋਨਾਈਜ਼ਰਾਂ ਦੇ ਹੱਕ ਵਿੱਚ ਨਾ ਭੁਗਤਣ ਕਾਰਨ ਹੀ ਕਾਰਜਸਾਧਕ ਅਫ਼ਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਜਾਂਚ ਅਤੇ ਕਲੋਨਾਈਜ਼ਰਾਂ ਵੱਲ ਖੜ੍ਹੀ ਰਕਮ ਦੀ ਵਸੂਲੀ ਯਕੀਨੀ ਬਣਾਉਣ ਦੀ ਮੰਗ ਕੀਤੀ। ਦੂਜੇ ਪਾਸੇ ਸ਼ਹਿਰੀਆਂ ਨੇ ਵੀ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ।