ਮਿਹਰ ਸਿੰਘ
ਕੁਰਾਲੀ, 14 ਮਾਰਚ
ਸ਼ਹਿਰ ਸਮੇਤ ਇਲਾਕੇ ਦੇ ਸੈਂਕੜੇ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਸਥਾਨਕ ਹਸਪਤਾਲ ਸਰਕਾਰੀ ਅਣਦੇਖੀ ਕਾਰਨ ਸਫ਼ੈਦ ਹਾਥੀ ਬਣਦਾ ਜਾ ਰਿਹਾ ਹੈ। ਹਸਪਤਾਲ ਵਿੱਚ ਚਾਰ ਆਰਜ਼ੀ ਡਾਕਟਰਾਂ ਦੀ ਨਿਯੁਕਤੀ ਦੇ ਬਾਜਵੂਦ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਰੜਕ ਰਹੀ ਹੈ ਅਤੇ ਇੱਕ ਹੀ ਡਾਕਟਰ ਨੂੰ ਦੋਹਰੀ ਡਿਊਟੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਲਾਕੇ ਦੇ ਲੱਖਾਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਸਥਾਨਕ ਹਸਪਤਾਲ (ਸੀਐੇੱਚਸੀ) ਸ਼ਨਿੱਚਰਵਾਰ ਨੂੰ ਕੇਵਲ ਇੱਕ ਹੀ ਡਾਕਟਰ ਦੇ ਸਿਰ ’ਤੇ ਚੱਲਦਾ ਰਿਹਾ। ਹਸਪਤਾਲ ਵਿੱਚ ਮੇਲ, ਫੀਮੇਲ, ਗਾਇਨੀ ਵਾਰਡਾਂ ਤੋਂ ਇਲਾਵਾ ਐਮਰਜੈਂਸੀ ਅਤੇ ਓਪੀਡੀ ਚੱਲਦੀ ਹੋਣ ਦੇ ਬਾਜਵੂਦ ਵਿਭਾਗ ਲੋੜ ਅਨੁਸਾਰ ਡਾਕਟਰਾਂ ਦਾ ਪ੍ਰਬੰਧ ਨਹੀਂ ਕਰ ਸਕਿਆ। ਇਸ ਕਾਰਨ ਸ਼ਨਿੱਚਰਵਾਰ ਨੂੰ ਸਾਰਾ ਦਿਨ ਓਪੀਡੀ ਤੋਂ ਲੈ ਕੇ ਐਮਰਜੈਂਸੀ ਤੱਕ ਅਤੇ ਸਾਰੇ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇੱਕ ਹੀ ਡਾਕਟਰ ’ਤੇ ਰਹੀ। ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦਿਆਂ ਭਾਵੇਂ ਸਿਹਤ ਵਿਭਾਗ ਨੇ ਚਾਰ ਡਾਕਟਰਾਂ ਦੀ ਨਿਯੁਕਤੀ ਆਰਜ਼ੀ ਤੌਰ ’ਤੇ ਕੀਤੀ ਸੀ ਪਰ ਇਹ ਪ੍ਰਬੰਧ ਵੀ ਨਾਕਾਫ਼ੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਨਿਯੁਕਤ ਹੋਰਨਾਂ ਡਾਕਟਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਵੀ ਸ਼ਨਿੱਚਰਵਾਰ ਹਸਪਤਾਲ ਵਿੱਚ ਨਹੀਂ ਸਨ।
ਹਸਪਤਾਲ ਵਿੱਚ ਦਵਾਈ ਲੈਣ ਲਈ ਆਏ ਮਰੀਜ਼ਾਂ ਨਰਿੰਦਰ ਸਿੰਘ, ਹਰਪਾਲ ਕੌਰ, ਮਨਜੀਤ ਕੌਰ ਤੇ ਸੁੁਰਿੰਦਰ ਕੁਮਾਰ ਨੇ ਕਿਹਾ ਕਿ ਉਹ ਦਵਾਈ ਲੈਣ ਆਏ ਸਨ ਪਰ ਹਸਪਤਾਲ ਵਿੱਚ ਇੱਕ ਡਾਕਟਰ ਹੀ ਹਾਜ਼ਰ ਹੋਣ ਤੋਂ ਕਾਫ਼ੀ ਹੈਰਾਨ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਹਤ ਸਹੂਲਤਾਂ ਵੀ ਨਹੀਂ ਮੁਹੱਈਆ ਕਰਵਾ ਸਕਦੀ ਤਾਂ ਹਸਪਤਾਲ ਖੋਲ੍ਹਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸ਼ਹਿਰ ਤੇ ਇਲਾਕਾ ਨਿਵਾਸੀਆਂ ਨੇ ਹਸਪਤਾਲ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਕੀਤੀ ਹੈ।
ਸ਼ਨਿੱਚਰਵਾਰ ਤੇ ਐਤਵਾਰ ਨੂੰ ਹਸਪਤਾਲ ਰੱਬ ਭਰੋਸੇ
ਕੁਰਾਲੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਅੱਪਗ੍ਰੇਡ ਕਰਨ ਅਤੇ ਡਾਕਟਰਾਂ ਦੀ ਪੱਕੀ ਤਾਇਨਾਤੀ ਨੂੰ ਲੈ ਕੇ 13 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਡੈਪੂਟੇਸ਼ਨ ’ਤੇ ਲਾਏ ਗਏ ਚਾਰ ਡਾਕਟਰ ਮਹਿਜ਼ ਡੰਗ ਟਪਾਊ ਹੈ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਛੁੱਟੀ ਦੇ ਦਿਨ ਹੋਣ ਕਾਰਨ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਬੀਰਇੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸਮੇਤ ਕੁਝ ਡਾਕਟਰ ਛੁੱਟੀ ’ਤੇ ਹੋਣ ਕਾਰਨ ਇਹ ਸਥਿਤੀ ਬਣੀ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਤੌਰ ’ਤੇ ਨਿਯੁਕਤ ਕੀਤੇ ਚਾਰ ਡਾਕਟਰਾਂ ਦੀ ਡਿਊਟੀ ਵੀ ਸ਼ਨਿੱਚਰਵਾਰ ਤੇ ਐਤਵਾਰ ਨੂੰ ਨਹੀਂ ਹੁੰਦੀ। ਉਨ੍ਹਾਂ ਕਿਹਾ ਫਿਰ ਵੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ।