ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 17 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਨੌਂ ਵਜੇ ਦੇ ਕਰੀਬ ਮੁਹਾਲੀ ਦੇ ਮਦਨਪੁਰ ਪਿੰਡ ਦੇ ਲੇਬਰ ਚੌਕ ਉੱਤੇ ਪਹੁੰਚੇ। ਪ੍ਰਸ਼ਾਸਨ ਨੂੰ ਬਿਨਾਂ ਕਿਸੇ ਇਤਲਾਹ ਦੇ ਚੁੱਪ ਚੁਪੀਤੇ ਲੇਬਰ ਚੌਕ ਵਿੱਚ ਆਏ ਸ੍ਰੀ ਸਿੱਧੂ ਨੇ ਥੜ੍ਹੇ ਉੱਤੇ ਬੈਠ ਕੇ ਮਜ਼ਦੂਰਾਂ ਨਾਲ ਅੱਧੇ ਘੰਟੇ ਦੇ ਕਰੀਬ ਗੱਲਬਾਤ ਕੀਤੀ।
ਮਜ਼ਦੂਰਾਂ ਨੇ ਸ੍ਰੀ ਸਿੱਧੂ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਫ਼ਤੇ ਵਿੱਚ ਮਸੀਂ ਤਿੰਨ-ਚਾਰ ਦਿਨ ਕੰਮ ਮਿਲਦਾ ਹੈ। ਉਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲਦੀ। ਨਵਜੋਤ ਸਿੱਧੂ ਨੇ ਜਦੋਂ ਮਜ਼ਦੂਰਾਂ ਨੂੰ ਲੇਬਰ ਕਾਰਡ ਬਣੇ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਦੇ ਕਾਰਡ ਨਹੀਂ ਬਣੇ ਹੋਏ। ਸ੍ਰੀ ਸਿੱਧੂ ਨੇ ਜਦੋਂ ਹੱਥ ਖੜ੍ਹੇ ਕਰਾ ਕੇ ਲੇਬਰ ਕਾਰਡਾਂ ਬਾਰੇ ਜਾਣਕਾਰੀ ਲਈ ਤਾਂ ਦੋ ਕੁ ਮਜ਼ਦੂਰਾਂ ਨੇ ਹੱਥ ਖੜ੍ਹੇ ਕੀਤੇ।
ਸ੍ਰੀ ਸਿੱਧੂ ਨੇ ਮਜ਼ਦੂਰਾਂ ਨੂੰ ਦਾਲ, ਗੈਸ ਸਿਲੰਡਰ, ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਗੱਲ ਕਰਕੇ ਦਿਹਾੜੀ ਦਾ ਰੇਟ ਵਧਣ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਦੀ ਦਿਹਾੜੀ ਵਿੱਚ ਕੋਈ ਵਾਧਾ ਨਹੀਂ ਹੋਇਆ। ਉਨ੍ਹਾਂ ਵਾਰ-ਵਾਰ ਲੇਬਰ ਕਾਰਡਾਂ ਬਾਰੇ ਮਜ਼ਦੂਰਾਂ ਤੋਂ ਪੁੱਛਿਆ। ਉਨ੍ਹਾਂ ਸਰਕਾਰ ਵੱਲੋਂ ਮਜ਼ਦੂਰਾਂ ਦੀ ਭਲਾਈ ਸਬੰਧੀ ਕੀਤੇ ਜਾ ਰਹੇ ਐਲਾਨਾਂ ਦੀ ਸਹੂਲਤ ਬਾਰੇ ਪੁੱਛਿਆ ਤਾਂ ਸਾਰਿਆਂ ਨੇ ਨਾਂਹ ਵਿੱਚ ਜਵਾਬ ਦਿੱਤਾ। ਪਿੰਡ ਚੁੰਨੀ ਕਲਾਂ ਤੋਂ ਆਉਂਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ 13 ਕਿਲੋਮੀਟਰ ਉੱਤੇ ਮਜ਼ਦੂਰੀ ਕਰਨ ਆਉਂਦੇ ਹਨ। ਨਵਜੋਤ ਸਿੱਧੂ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਕੋਲ ਕਦੇ ਵੀ ਸਰਕਾਰੀ ਜਾਂ ਵਿਭਾਗੀ ਕਰਮਚਾਰੀ ਨੇ ਆ ਕੇ ਸਾਰ ਲਈ ਤੇ ਨਾ ਹੀ ਕਦੇ ਸੈਂਕੜਿਆਂ ਵਿੱਚ ਰੋਜ਼ਾਨਾ ਆਉਂਦੇ ਕਿਰਤੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕੀਤੀ।
ਨਵਜੋਤ ਸਿੱਧੂ ਨੇ ਇਸ ਮੌਕੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਨਵਾਂ ਪੰਜਾਬ ਮਾਡਲ ਬਣਾਉਣਗੇ ਅਤੇ ਮਜ਼ਦੂਰਾਂ ਦੀ ਰਜਿਸ਼ਟਰੇਸ਼ਨ ਕਰਾ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਸਹਾਇਤਾ ਰਾਸ਼ੀ ਭਿਜਵਾਇਆ ਕਰਨਗੇ। ਕਈ ਮਜ਼ਦੂਰਾਂ ਨੇ ਲੇਬਰ ਕਾਰਡ ਬਣਾਉਣ ਲਈ ਪੈਸੇ ਮੰਗਣ ਦੇ ਦੋਸ਼ ਵੀ ਲਾਏ। ਇਸ ਮੌਕੇ ਮਜ਼ਦੂਰਾਂ ਨੇ ਨਵਜੋਤ ਸਿੱਧੂ ਨਾਲ ਤਸਵੀਰਾਂ ਖਿਚਵਾਈਆਂ ਅਤੇ ਮਜ਼ਦੂਰਾਂ ਨੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ। ਇਸ ਮੌਕੇ ਉਨ੍ਹਾਂ ਮਜ਼ਦੂਰਾਂ ਦੀ ਮੰਗ ਉੱਤੇ ਫ਼ਿਲਮੀ ਡਾਇਲਾਗ ਅਤੇ ਸ਼ੇਅਰ ਵੀ ਬੋਲੇ ਤੇ ਉਨ੍ਹਾਂ ਦੀ ਆਵਾਜ਼ ਉਠਾਉਣ ਦਾ ਵਾਅਦਾ ਕੀਤਾ।