ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਪਰੈਲ
ਬਨੂੜ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਤੋਂ ਪ੍ਰੇਸ਼ਾਨ ਦਰਜਨਾਂ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਬਨੂੜ ਦੇ ਦਫ਼ਤਰ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬੁੱਧਵਾਰ ਨੂੰ ਸਵੇਰੇ ਗਿਆਰਾਂ ਵਜੇ ਤੱਕ ਸਮੁੱਚੇ ਕਿਸਾਨਾਂ ਦੀ ਕਣਕ ਨਾ ਖਰੀਦੀ ਗਈ ਤਾਂ ਬਾਰਾਂ ਵਜੇ ਬਨੂੜ ਕੌਮੀ ਮਾਰਗ ਉੱਤੇ ਜਾਮ ਲਾਇਆ ਜਾਵੇਗਾ।
ਕਿਸਾਨ ਆਗੂਆਂ ਸੱਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਗੁਰਦੇਵ ਸਿੰਘ ਬਨੂੜ, ਲਖਵਿੰਦਰ ਸਿੰਘ ਲੱਖੀ, ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਜੱਗੀ, ਬਸਪਾ ਆਗੂ ਜਗਜੀਤ ਸਿੰਘ ਛੜਬੜ੍ਹ, ਤਰਲੋਚਨ ਸਿੰਘ ਨੰਡਿਆਲੀ ਆਦਿ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਕਣਕ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਕਰਨ ਵਿੱਚ ਫ਼ੇਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਇਸ ਮੌਕੇ ਐਫ਼ਸੀਆਈ ਦੇ ਇੰਸਪੈਕਟਰ ਨੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਉਸ ਨੂੰ ਪਹਿਲਾਂ ਕਣਕ ਦੀ ਖਰੀਦ ਤੇ ਬਾਰਦਾਨਾ ਮੁਹੱਈਆ ਕਰਾਉਣ ਲਈ ਆਖਿਆ। ਬਨੂੜ ਮੰਡੀ ਵਿੱਚ ਬਾਰਦਾਨਾ ਨਾ ਹੋਣ ਕਾਰਨ ਮਾਰਕਫੈੱਡ ਅਤੇ ਵੇਅਰਹਾਊਸ ਦੀ ਖਰੀਦ ਪਿਛਲੇ ਦੋ ਦਿਨਾਂ ਤੋਂ ਬੰਦ ਪਈ ਹੈ। ਮੰਡੀ ਵਿੱਚ ਪੰਜ ਹਜ਼ਾਰ ਕੁਇੰਟਲ ਤੋਂ ਵੱਧ ਕਣਕ ਵਿਕਰੀ ਲਈ ਪਈ ਹੈ। ਇਸੇ ਤਰ੍ਹਾਂ ਇਨ੍ਹਾਂ ਦੋਵੇਂ ਏਜੰਸੀਆਂ ਵੱਲੋਂ ਬਨੂੜ ਦੇ ਦੋ ਸ਼ੈੱਲਰਾਂ ਵਿੱਚ ਕੀਤੀ ਜਾ ਰਹੀ ਖਰੀਦ ਵੀ ਬੰਦ ਪਈ ਹੈ ਤੇ ਦੋਵੇਂ ਥਾਵਾਂ ਉੱਤੇ ਵੱਡੀ ਕਣਕ ਵਿਕਰੀ ਲਈ ਪਈ ਹੈ। ਜਲਾਲਪੁਰ ਅਤੇ ਖੇੜੀ ਗੁਰਨਾ ਦੇ ਖਰੀਦ ਕੇਂਦਰਾਂ ਵਿੱਚ ਵੀ ਬਾਰਦਾਨਾ ਨਾ ਹੋਣ ਕਾਰਨ ਦੋ ਦਿਨਾਂ ਤੋਂ ਕਣਕ ਦੀ ਖਰੀਦ ਨਹੀਂ ਹੋ ਰਹੀ। ੰਡੀ ਵਿੱਚ ਕਣਕ ਵੇਚਣ ਆਏ ਕਿਸਾਨਾਂ ਜਸਵੀਰ ਸਿੰਘ ਬਠਲਾਣਾ, ਹਰਪਾਲ ਸਿੰਘ, ਬਿਕਰਮਜੀਤ ਸਿੰਘ ਗੀਗੇਮਾਜਰਾ ਤੇ ਰਵਿੰਦਰ ਸਿੰਘ ਸਨੇਟਾ ਨੇ ਦੱਸਿਆ ਕਿ ਉਹ ਦੋ-ਦੋ ਦਿਨਾਂ ਤੋਂ ਕਣਕ ਨਾ ਵਿਕਣ ਕਾਰਨ ਮੰਡੀ ਵਿੱਚ ਖੱਜਲ ਖੁਆਰ ਹੋ ਰਹੇ ਹਨ।
ਕੁਰਾਲੀ (ਮਿਹਰ ਸਿੰਘ): ਸ਼ਹਿਰ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਦੀ ਸੁਸਤ ਰਫ਼ਤਾਰ ਅਤੇ ਬਾਰਦਾਨੇ ਦੀ ਕਮੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਅਨਾਜ ਮੰਡੀ ਵਿੱਚ ਫਸਲ ਲੈ ਕੇ ਪਹੰਚੇ ਕਿਸਾਨਾਂ ਚਰਨਜੀਤ ਸਿੰਘ ਗੋਸਲ, ਗੁਰਨੇਕ ਸਿੰਘ, ਬਲਜੀਤ ਸਿੰਘ ਸਲੇਮਪੁਰ, ਅਮਨਦੀਪ ਸਿੰਘ ਧਿਆਨਪੁਰਾ ਤੇ ਕਾਕਾ ਸਿੰਘ ਮਾਜਰਾ ਆਦਿ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਮੰਡੀ ਵਿੱਚ ਖਰੀਦ ਪ੍ਰਬੰਧ ਨਾਕਾਫੀ ਹਨ। ਪ੍ਰਬੰਧਾਂ ਦੀ ਘਾਟ ਕਾਰਨ ਮੰਡੀ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਪ੍ਰਸ਼ਾਸਨ ਤੋਂ ਮੰਡੀ ਵਿੱਚ ਬਾਰਦਾਨੇ ਦਾ ਪ੍ਰਬੰਧ ਕਰਨ ਅਤੇ ਲਿਫਟਿੰਗ ਨੂੰ ਦਰੁਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਮਾਰਕੀਟ ਕਮੇਟੀ ਦੇ ਸੱਕਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਬਾਰਦਾਨੇ ਦੀ ਕੁਝ ਕਮੀ ਹੋਣ ਦੀ ਪੁਸ਼ਟੀ ਕਰਦਿਆਂ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।