ਸਰਬਜੀਤ ਸਿੰਘ ਭੱਟੀ
ਲਾਲੜੂ, 13 ਜੁਲਾਈ
ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 2 ਦੱਪਰ, ਵਾਲਮੀਕਿ ਕਾਲੋਨੀ ਦੇ ਵਾਸੀ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਕੌਂਸਲ ਦੇ ਅਧਿਕਾਰੀਆਂ ਅਤੇ ਵਾਰਡ ਦੇ ਕੌਂਸਲਰ ਨੂੰ ਹੱਲ ਲਈ ਅਰਜੋਈਆਂ ਦੇ ਬਾਵਜੂਦ ਹਾਲੇ ਤੱਕ ਸਥਿਤੀ ਵਿੱਚ ਕੋਈ ਸੁਧਾਰ ਨਹੀ ਹੋਇਆ ਜਿਸ ਕਾਰਨ ਲੋਕਾਂ ਵਿੱਚ ਕੌਂਸਲ ਅਧਿਕਾਰੀਆਂ ਤੇ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਗੁਰਪ੍ਰੀਤ, ਸੁਰੇਸ਼ ਪਾਲ, ਕੁਲਦੀਪ, ਜਰਨੈਲ ਸਿੰਘ, ਲੀਲਾ, ਅਮਰਜੀਤ ਕੌਰ, ਬਲਵਿੰਦਰ ਕੌਰ ਆਦਿ ਵਾਰਡ ਵਾਸੀਆ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਵਾਲਮੀਕਿ ਮੁਹੱਲੇ ਵਿੱਚ ਕੌਂਸਲ ਨੇ ਕਰੀਬ ਅੱਠ ਸਾਲ ਪਹਿਲਾ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਸੀ, ਜੋ ਨਾ ਚੱਲਣ ਕਰਕੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਅਤੇ ਮੁਹੱਲੇ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਘਰਾਂ ਦਾ ਗੰਦਾ ਪਾਣੀ ਗਲੀਆਂ ਅਤੇ ਨਾਲੀਆਂ ਵਿੱਚ ਜਮ੍ਹਾਂ ਹੋ ਰਿਹਾ ਹੈ ਅਤੇ ਮੱਖੀ, ਮੱਛਰ ਅਤੇ ਕੀੜੇ ਪੈਦਾ ਹੋਣ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕੌਂਸਲ ਅਧਿਕਾਰੀਆਂ ਤੇ ਕੌਂਸਲਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਉਹ ਕੌਂਸਲ ਦਫਤਰ ਅੱਗੇ ਧਰਨਾ ਦੇਣਗੇ।
ਗਲੀਆਂ ਛੇਤੀ ਬਣਵਾਈਆਂ ਜਾਣਗੀਆਂ: ਕੌਂਸਲਰ
ਵਾਰਡ ਨੰਬਰ 2 ਦੇ ਕੌਂਸਲਰ ਬਲਕਾਰ ਸਿੰਘ ਨੇ ਮੰਨਿਆ ਕਿ ਉਕਤ ਮੁਹੱਲੇ ਦੀ ਗਲੀਆਂ, ਨਾਲੀਆ ਦਾ ਮਾੜਾ ਹਾਲ ਹੈ, ਜਿਸ ਨੂੰ ਛੇਤੀ ਹੀ ਠੀਕ ਕਰਵਾਇਆ ਜਾਵੇਗਾ। ਸਫ਼ਾਈ ਕਰਮਚਾਰੀ ਵੀ ਇਸ ਪਾਸੇ ਧਿਆਨ ਨਹੀ ਦੇ ਰਹੇ।