ਸਰਬਜੀਤ ਸਿੰਘ ਭੱਟੀ
ਲਾਲੜੂ, 15 ਸਤੰਬਰ
ਸੱਤਾ ਵਿੱਚ ਆਉਣ ਵਾਲੀ ਹਰ ਸਿਆਸੀ ਪਾਰਟੀ ਨੇ ਲਾਲੜੂ ਸ਼ਹਿਰ ਗੇਟਵੇਅ ਆਫ ਪੰਜਾਬ ਬਣਾਉਣ ਦੇ ਹਰ ਵਾਰ ਵੱਡੇ-ਵੱਡੇ ਵਾਅਦੇ ਕੀਤੇ, ਪਰ ਅੱਜ ਤੱਕ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ। ਇਸ ਦੇ ਨਾਲ ਹੀ ਪਿੰਡਾਂ ਨੁੂੰ ਸ਼ਹਿਰਾ ਵਰਗੀਆਂ ਸਹੂਲਤਾਂ ਦੇਣ ਦੇ ਲੋਕਾਂ ਨੂੰ ਸੁਪਨੇ ਵਿਖਾਏ ਗਏ ਪਰ ਉਹ ਵੀ ਉਦੋਂ ਟੁੱਟ ਗਏ ਜਦੋਂ ਨਗਰ ਕੌਂਸਲ ਲਾਲੜੂ ਦੀ ਹੱਦ ’ਚ ਆਉਂਦੇ ਇਕ ਦਰਜਨ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਨੁੂੰ ਤਰਸ ਰਹੇ ਹਨ।
ਵਾਰਡ ਨੰ. 8 ਵਿੱਚ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਕਿਨਾਰੇ ਗੰਦਗੀ ਦੇ ਲੱਗੇ ਵੱਡੇ ਢੇਰ ਵਿਕਾਸ ਦੀ ਗਵਾਹੀ ਭਰ ਰਹੇ ਹਨ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਬੁਨਿਆਦੀ ਸਹੁਲਤਾ ਨੂੰ ਤਰਸ ਰਹੇ ਹਨ, ਵਿਕਾਸ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਵੱਡੇ-ਵੱਡੇ ਦਾਅਵੇ ਜ਼ਰੂਰ ਹੁੰਦੇ ਰਹੇ ਹਨ ਪਰ ਜ਼ਮੀਨੀ ਹਕੀਕੀਤ ਕੁਝ ਹੋਰ ਹੀ ਹੈ। ਲਾਵਾਰਿਸ ਪਸ਼ੂ ਝੂੰਡ ਬਣਾ ਕੇ ਘੁੰਮ ਰਹੇ ਹਨ, ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਖੜ੍ਹਾ ਹੈ। ਸ਼ਹਿਰ ਵਿੱਚ ਕੋਈ ਬੱਸ ਅੱਡਾ ਨਹੀਂ, ਸੀਵਰੇਜ ਸਿਸਟਮ ਠੱਪ ਹੈ, ਥੋੜ੍ਹੀ ਜੇਹੀ ਬਰਸਾਤ ਨਾਲ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਹੈ। ਬਿਜਲੀ ਦੀ ਸਪਲਾਈ, ਪਾਰਕਿੰਗ, ਟਰੈਫਿਕ, ਨਾਜਾਇਜ਼ ਕਬਜ਼ਿਆਂ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਲੋਕ ਜੂਝ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਸੱਤਾ ਵਿੱਚ ਬੈਠੇ ਆਗੂ ਬੁਨਿਆਦੀ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ। ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਛੇਤੀ ਹੀ ਸਫ਼ਾਈ ਦੇ ਪ੍ਰਬੰਧ ਕਰਵਾ ਕੇ ਗੰਦਗੀ ਦੇ ਢੇਰ ਚੁਕਵਾ ਦਿੱਤੇ ਜਾਣਗੇੇ।