ਹਰਜੀਤ ਸਿੰਘ
ਡੇਰਾਬੱਸੀ, 10 ਜੂਨ
ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਦਿਨ ਦਿਹਾੜੇ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਚਾਰ ਲੁਟੇਰੇ ਇਕ ਕਰੋੜ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਤੋਂ ਬਾਅਦ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵੱਲੋਂ ਰੌਲਾ ਪਾਇਆ ਗਿਆ, ਜਿਸ ਦੀ ਆਵਾਜ਼ ਸੁਣ ਕੇ ਦਫਤਰ ਦੇ ਬਾਹਰ ਫਲਾਂ ਦੀ ਰੇਹੜੀ ਲਾ ਰਹੇ ਤਿੰਨ ਜਣੇ ਲੁਟੇਰਿਆਂ ਦੇ ਪਿੱਛੇ ਭਜੇ। ਨਕਦੀ ਲੈ ਕੇ ਜਾ ਰਹੇ ਲੁਟੇਰਿਆਂ ਨੇ ਪਿੱਛੇ ਭਜੇ, ਜਿਸ ’ਤੇ ਲੁਟੇਰੇ ਨੇ ਗੋਲੀ ਚਲਾ ਦੀ, ਜੋ ਪਿੱਛਾ ਕਰ ਰਹੇ 37 ਸਾਲਾਂ ਦੇ ਮੁਹੰਮਦ ਸਾਬਰ ਵਾਸੀ ਗੁਲਾਬਗੜ੍ਹ ਦੇ ਸਿਰ ’ਚ ਲੱਗੀ। ਇਸ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਦੋ ਮੋਟਰਸਾਈਕਲਾਂ ’ਤੇ ਵੱਖ ਵੱਖ ਦਿਸ਼ਾਵਾਂ ਵੱਲ ਫ਼ਰਾਰ ਹੋਏ। ਨਕਦੀ ਲੈ ਕੇ ਜਾ ਰਹੇ ਦੋ ਲੁਟੇਰਿਆਂ ਵਿਚੋਂ ਇਕ ਨੇ ਦੋ ਫਾਇਰ ਕੀਤੇ, ਜਦਕਿ ਦੂਜੇ ਦੋ ਲੁਟੇਰੇ ਗੋਵਿੰਦਾ ਨਾਂ ਦੇ 24 ਸਾਲਾਂ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਸਨ। ਸਾਬਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁਹਾਲੀ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਟੀ ਡੀਲਰ ਹਰਜੀਤ ਨਾਗਪਾਲ ਨੇ ਦੱਸਿਆ ਕਿ ਲੁਟੇਰੇ ਉਸ ਦੀ ਜਾਣ ਪਛਾਣ ਵਾਲੇ ਸਨ, ਜੋ ਉਸ ਨਾਲ ਪ੍ਰਾਪਰਟੀ ਦੀ ਸੌਦਾ ਕਰਨ ਦੇ ਬਹਾਨੇ ਦਫ਼ਤਰ ਆਏ ਸਨ। ਡੀਐੱਸਪੀ ਗੁਰਬਖ਼ਸੀਸ਼ ਸਿੰਘ ਨੇ ਕਿਹਾ ਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਲੁਟੇਰਿਆਂ ਦੇ ਪਿੱਛੇ ਭੇਜੀਆ ਹਨ।