ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੂਨ
ਖੇਤੀ ਵਿਰਾਸਤ ਮਿਸ਼ਨ (ਕੇਵੀਐੱਮ) ਵੱਲੋਂ ਜੈਵਿਕ ਖੇਤੀ ਵਿੱਚ ਮੋਹਰੀ ਰਹਿਣ ਵਾਲੇ ਪੰਜਾਬ ਨੂੰ ਕਣਕ-ਝੋਨੇ ਦੇ ਫ਼ਸਲ ਚੱਕਰ ਵਿੱਚੋਂ ਬਾਹਰ ਕੱਢਣ ਲਈ ‘ਆਹਾਰ ਤੋਂ ਅਰੋਗਿਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਬਾਰੇ ਕੇਵੀਐੱਮ ਦੇ ਕਾਰਜਕਾਰੀ ਨਿਰਦੇਸ਼ਕ ਉਮਿੰਦਰ ਦੱਤ ਨੇ ਦੱਸਿਆ ਕਿ ਮਿਲੇਟਸ ਦੀ ਕਾਸ਼ਤ ਉਸ ਸਮੇਂ ਤੋਂ ਹੁੰਦੀ ਆ ਰਹੀ ਹੈ ਜਦੋਂ ਕਣਕ ਅਤੇ ਝੋਨੇ ਦੀ ਕਾਸ਼ਤ ਬਹੁਤ ਘੱਟ ਹੁੰਦੀ ਸੀ। ਪੰਜਾਬ ਦੀਆਂ ਮੁੱਖ ਫ਼ਸਲਾ ਕੰਗਣੀ, ਜਵਾਰ, ਬਾਜਾ, ਰਾਗੀ ਅਤੇ ਹੋਰ ਹੁੰਦੀਆਂ ਸਨ ਪਰ ਹਰੇ ਇਨਕਲਾਬ ਨੇ ਇਨ੍ਹਾਂ ਈਕੋ ਸਮਾਰਟ ਫ਼ਸਲਾਂ ਦਾ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਵੱਧ ਤੋਂ ਵੱਧ ਪਾਣੀ ਦੀ ਲੋੜ ਵਾਲੇ ਝੋਨੇ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਣੀ ਦੀ ਘਾਟ ਨੂੰ ਵੇਖਦਿਆਂ ਸਾਨੂੰ ਕਣਕ-ਝੋਨੇ ਦੇ ਫਸਲ ਚੱਕਰ ਵਿੱਚੋਂ ਨਿਕਲਣ ਦੀ ਲੋੜ ਹੈ। ਡਾ. ਖਾਦਰ ਵਲੀ ਨੇ ਕਿਹਾ ਕਿ ਮਿਲੇਟਸ ਨੂੰ ਇਕ ਚਮਤਕਾਰੀ ਆਨਾਜ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਣ ਅਤੇ ਤੰਦਰੂਸਤ ਕਰਨ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਇਸ ਭੋਜਨ ਨਾਲ ਸ਼ੂਗਰ, ਬਲੱਡ ਪ੍ਰੈਸ਼ਨ, ਹਾਈਪਰ ਟੈਨਸ਼ਨ ਵਰਗੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੇ ਤਾਂ ਜੋ ਲੋਕਾਂ ਨੂੰ ਪੋਸ਼ਟਿਕ ਭੋਜਣ ਦਿੱਤਾ ਜਾ ਸਕੇ।