ਕਰਮਜੀਤ ਸਿੰਘ ਚਿੱਲਾ
ਬਨੂੜ, 27 ਦਸੰਬਰ
ਸੱਭਿਆਚਾਰਕ ਮੰਤਰਾਲੇ, ਰੱਖਿਆ ਮੰਤਰਾਲਾ ਤੇ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਵੱਲੋਂ ਸਾਂਝੇ ਤੌਰ ਉੱਤੇ ਇੱਥੋਂ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ ਕਲਾ ਕੁੰਭ ਬੈਨਰ ਹੇਠ ਕੌਮੀ ਵਰਕਸ਼ਾਪ ਆਰੰਭੀ ਗਈ। ਸੱਤ ਦਿਨ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਦੇਸ਼ ਭਰ ਦੇ ਵੱਖ-ਵੱਖ ਰੂਪਾਂ ਦੀ ਨੁਮਾਇੰਦਗੀ ਕਰਨ ਵਾਲੇ 250 ਪੇਂਟਿੰਗ ਕਲਾਕਾਰ 500 ਮੀਟਰ ਲੰਬੀ ਅਤੇ 3 ਮੀਟਰ ਉੱਚੀ ਕੈਨਵਸ/ਸਕਰੋਲ ਤਿਆਰ ਕਰਨਗੇ। ਇਸ ਨੂੰ 26 ਜਨਵਰੀ 2022 ਨੂੰ ਦਿੱਲੀ ਦੇ ਰਾਜ ਪਥ ਉੱਤੇ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਪ੍ਰਦਰਿਸ਼ਤ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਵਰਕਸ਼ਾਪ ਦਾ ਉਦਘਾਟਨ ਕਰਨ ਕੌਮੀ ਆਰਟ ਗੈਲਰੀ ਦੇ ਡਾਇਰੈਕਟਰ ਜਨਰਲ ਅਦਵੈਤ ਗਰਨਾਇਕ ਕੀਤਾ। ਉਨ੍ਹਾਂ ਕਿਹਾ ਕਿ ਪੇਂਟਿੰਗ ਕਲਾਕਾਰ ਆਪਣੀ ਕਲਾ ਰਾਹੀਂ ਆਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਯੋਧਿਆਂ ਅਤੇ ਦੇਸ਼ ਪਿਆਰ ਦੀ ਭਾਵਨਾ ਬਾਰੇ ਆਪਣੀ ਕਲਾ ਰਾਹੀਂ ਨੌਜਵਾਨ ਪੀੜ੍ਹੀ ਨੂੰ ਜੋੜਨਗੇ। ਉਨ੍ਹਾਂ ਕਿਹਾ ਕਿ ਇਹ ਅਨੋਖੀ ਪੇਂਟਿੰਗ ਸਕਰੋਲ ਆਜ਼ਾਦੀ ਦਿਵਸ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ਸਲਾਹਕਾਰ ਕਮੇਟੀ ਦੇ ਮੁਖੀ ਹਰਸ਼ ਵਰਧਨ ਸ਼ਰਮਾ ਤੇ ਚਿਤਕਾਰਾ ਸਕੂਲ ਆਫ਼ ਡਿਜ਼ਾਈਨ ਦੇ ਡੀਨ ਡਾ. ਰੰਜਨ ਮਲਿਕ ਨੇ ਦੱਸਿਆ ਕਿ ਰੋਜ਼ਾਨਾ ਵੱਖ-ਵੱਖ ਰਾਜਾਂ ਦੇ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।