ਮੁਕੇਸ਼ ਕੁਮਾਰ
ਚੰਡੀਗੜ੍ਹ, 31 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਤੇ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀ ਸ਼ੁਰੂ ਕੀਤੀ ਗਈ। ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਇਸ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀ ਨੂੰ ਸੈਕਟਰ 17 ਸਥਿਤ ਨਗਰ ਨਿਗਮ ਭਵਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਕੇਂਦਰ ਸਰਕਾਰ ਦੀ ਸ਼ਹਿਰੀ ਪਰਿਵਰਤਨ ਲਈ ਅਟਲ ਮਿਸ਼ਨ (ਅਮਰੂਤ) ਸਕੀਮ ਤਹਿਤ ਮਿਲੇ ਫੰਡ ਨਾਲ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਇਹ ਲੈਬ ਸ਼ੁਰੂ ਕੀਤੀ ਗਈ ਹੈ। ਇਸ ਮੋਬਾਈਲ ਲੈਬ ਰਾਹੀਂ ਪਾਣੀ ਦੀ ਗੁਣਵੱਤਾ ਦੇ ਵੱਖ-ਵੱਖ ਮਾਪਦੰਡਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾਵੇਗੀ। ਲੈਬ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਮੇਅਰ ਨੇ ਕਿਹਾ ਕਿ ਮੋਬਾਈਲ ਵਾਟਰ ਟੈਸਟਿੰਗ ਲੈਬ ਸ਼ਹਿਰ ਭਰ ਵਿੱਚ ਵੱਖ ਵੱਖ ਥਾਂਵਾਂ ’ਤੇ ਪਾਣੀ ਦੀ ਗੁਣਵੱਤਾ ਦੀ ਸਮੱਸਿਆ ਦਾ ਮੌਕੇ ’ਤੇ ਹੀ ਪਤਾ ਲਗਾਉਣਗੇ।
ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਕਲੋਨੀਆਂ ਤੇ ਪਿੰਡਾਂ ਦੇ ਲੋਕ ਪੀਣ ਵਾਲੇ ਸਾਫ਼ ਪਾਣੀ ਦੇ ਲਾਭਾਂ ਬਾਰੇ ਬਹੁਤੇ ਜਾਗਰੂਕ ਨਹੀਂ ਹਨ। ਪਾਣੀ ਦੀ ਗੁਣਵੱਤਾ ਦੀ ਮੌਕੇ ’ਤੇ ਜਾਂਚ ਕਰਨ ਤੋਂ ਇਲਾਵਾ, ਮੋਬਾਈਲ ਵਾਟਰ ਟੈਸਟਿੰਗ ਲੈਬ ਪੀਣ ਵਾਲੇ ਸਾਫ਼ ਪਾਣੀ ਬਾਰੇ ਜਾਗਰੂਕਤਾ ਫੈਲਾਏਗੀ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਕਿਹਾ ਕਿ ਵਾਟਰ ਵਰਕਸ ਸੈਕਟਰ 39 ਚੰਡੀਗੜ੍ਹ ਵਿੱਚ ਸਥਿਤ ‘ਅਮਰੂਤ’ ਸਕੀਮ ਅਧੀਨ ਵਾਟਰ ਟੈਸਟਿੰਗ ਲੈਬ ਦੀ ਮਦਦ ਨਾਲ ਚੰਡੀਗੜ੍ਹ ਵਾਸੀਆਂ ਨੂੰ ਗੁਣਵੱਤਾ ਵਾਲਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਬਾਈਲ ਵਾਟਰ ਟੈਸਟਿੰਗ ਲੈਬ ਵੈਨ ਸ਼ਹਿਰ ਵਿੱਚੋਂ ਰੋਜ਼ਾਨਾ 15-20 ਪਾਣੀ ਦੇ ਨਮੂਨੇ ਲਵੇਗੀ। ਅੱਜ ਇਸ ਮੋਬਾਈਲ ਲੈਬ ਦੀ ਸ਼ੁਰੂਆਤ ਦੇ ਮੌਕੇ ‘ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।