ਆਤਿਸ਼ ਗੁਪਤਾ
ਚੰਡੀਗੜ੍ਹ, 29 ਅਕਤੂਬਰ
ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਕਰੀਬੀ ਨੂੰ ਵਿਦੇਸ਼ੀ ਪਿਸਤੌਲ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮੋਹਿਤ ਭਾਰਦਵਾਜ (32) ਵਾਸੀ ਬਾਪੂ ਧਾਮ ਕਲੋਨੀ ਸੈਕਟਰ-26 ਵਜੋਂ ਹੋਈ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਕੀਤੀ। ਟੀਮ ਨੇ ਮਨੀਮਾਜਰਾ ਦੇ ਸ਼ਾਸਤਰੀ ਨਗਰ ਦੇ ਲਾਈਟ ਪੁਆਇੰਟ ’ਤੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਯੂਐੱਸਏ ਦਾ ਬਣਿਆ ਪਿਸਤੌਲ ਬਰਾਮਦ ਹੋਇਆ। ਆਈਟੀ ਪਾਰਕ ਦੀ ਪੁਲੀਸ ਨੇ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੁਲਜ਼ਮ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੀਪਕ ਟੀਨੂ ਦਾ ਕਰੀਬੀ ਹੈ। ਮੋਹਿਤ ਨੇ ਪੁਲੀਸ ਨੂੰ ਦੱਸਿਆ ਕਿ ਦੀਪਕ ਟੀਨੂ ਦੇ ਕਹਿਣ ’ਤੇ ਪੰਜਾਬ ਪੁਲੀਸ ਦੇ ਐੱਸਆਈ ਪ੍ਰਿਤਪਾਲ ਸਿੰਘ ਨੂੰ ਜੁਲਾਈ ਵਿੱਚ ਕਲੱਬ ਘੁਮਾਇਆ ਅਤੇ ਚੰਡੀਗੜ੍ਹ ਵਿੱਚ ਸ਼ਾਪਿੰਗ ਕਰਵਾਈ ਸੀ। ਪੁਲੀਸ ਜਾਂਚ ’ਚ ਸਾਹਮਣੇ ਆਇਆ ਕਿ ਇਹ ਵਿਅਕਤੀ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹਨ। ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੂੰ ਪਹਿਲਾਂ ਥਾਣਾ ਸੈਕਟਰ-26 ਦੀ ਪੁਲੀਸ ਨੇ ਲੜਾਈ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਥਾਣਾ ਸੈਕਟਰ-17 ਵਿੱਚ ਵੀ ਇਸ ਖ਼ਿਲਾਫ਼ ਕੇਸ ਦਰਜ ਹੈ। ਗੌਰਤਲਬ ਹੈ ਕਿ ਮੁਲਜ਼ਮ ਬਾਰਵੀਂ ਪਾਸ ਹੈ ਅਤੇ ਸ਼ਹਿਰ ਵਿੱਚ ਦੋ ਪਹੀਆਂ ਵਾਹਨਾਂ ਦੀ ਖਰੀਦੋ ਫਰੋਖ਼ਤ ਦਾ ਕੰਮ ਕਰਦਾ ਹੈ।