ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵੱਲੋਂ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਤਰਜ਼ ’ਤੇ ਹਰ ਸ਼ਨਿਚਰਵਾਰ ਦੀ ਛੁੱਟੀ ਦੇ ਮੁੱਦੇ ਨੂੰ ਲੈ ਕੇ ਮੁਕੰਮਲ ਹੜ੍ਹਤਾਲ ਕੀਤੀ ਗਈ। ਅੱਜ ਇੱਕ ਦਿਨ ਕੰਮ ਬੰਦ ਕਰਕੇ ਜ਼ਿਲ੍ਹਾ ਅਦਾਲਤਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜਮੋਹਨ ਸਿੰਘ ਅਤੇ ਪ੍ਰੇਮ ਚੰਦ ਜੋਸ਼ੀ ਨੇ ਕਿਹਾ ਕਿ ਜਦੋਂ ਤੱਕ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਤਰਜ਼ ’ਤੇ ਹਰੇਕ ਸ਼ਨਿਚਰਵਾਰ ਦੀ ਛੁੱਟੀ ਲਾਗੂ ਨਹੀਂ ਕੀਤੀ ਜਾਂਦੀ, ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਮੈਂਬਰ ਵਕੀਲ ਭਾਈਚਾਰੇ ਵੱਲੋਂ ਇਹ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਦੀ ਛੁੱਟੀ ਨਾ ਹੋਣ ਕਰਕੇ ਬਹੁਤ ਸਾਰੇ ਜ਼ਰੂਰੀ ਕੰਮ ਰਹਿ ਜਾਂਦੇ ਹਨ ਅਤੇ ਸਾਰਾ ਹਫ਼ਤਾ ਮਿਹਨਤ ਕਰਨ ਤੋਂ ਬਾਅਦ ਜ਼ਰੂਰੀ ਹੈ ਕਿ ਇੱਕ ਦਿਨ ਆਪਣੇ ਪਰਿਵਾਰ ਅਤੇ ਸਮਾਜਿਕ ਜਾਣਕਾਰਾਂ ਨਾਲ ਬਿਤਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਗਰੇਵਾਲ, ਰਾਹੁਲ ਸ਼ਰਮਾ, ਸੁਖਮਿੰਦਰ ਮਾਰਵਾ, ਨਵਨੀਤ ਭਾਰਦਵਾਜ, ਰੀਨਾ ਰਾਣੀ, ਐੱਮਐੱਲ ਸਿੰਘੀ, ਵਿਨੋਦ ਕੁਮਾਰ, ਪ੍ਰਦੀਪ ਸ਼ਰਮਾ, ਗੁਰਪ੍ਰੀਤ ਸਿੰਘ ਸੈਣੀ, ਪ੍ਰਦੀਪ ਕੁਮਾਰ, ਵਰਿੰਦਰ ਢਿੱਲੋਂ, ਪਰਮਿੰਦਰ ਤੂਰ ਆਦਿ ਹਾਜ਼ਰ ਸਨ।