ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 14 ਅਗਸਤ
ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਸੀਨੀਅਰ ਆਗੂ ਸੇਵਕ ਸਿੰਘ ਗੀਗੇਮਾਜਰਾ, ਦਲਜੀਤ ਸਿੰਘ ਕੁੰਭੜਾ, ਬਲਵਿੰਦਰ ਸਿੰਘ, ਕਸ਼ਮੀਰਾ ਸਿੰਘ, ਦਿਲਬਾਗ ਸਿੰਘ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਸੰਗਤਾਂ ਨੂੰ ਕੇਸਰੀ ਝੰਡੇ ਵੰਡੇ। ਇਸ ਦੌਰਾਨ ਸ੍ਰੀ ਭਾਟੀਆ ਨੇ ਕਿਹਾ ਕਿ ਕੇਸਰੀ ਝੰਡੇ ਸਿੱਖਾਂ ਦੀ ਅਣਖ ਤੇ ਗੈਰਤ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਹਰ ਘਰ ਤਿਰੰਗਾ ਲਗਾਉਣ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਤਿਰੰਗੇ ਨੇ ਸਿੱਖਾਂ ਨੂੰ ਅਜੇ ਤਕ ਇਨਸਾਫ਼ ਨਹੀਂ ਦਿਤਾ। ਉਨ੍ਹਾਂ ਕਿਹਾ ਕਿ 1984 ਵਿਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ।
ਇਸ ਲਈ ਸਿੱਖ ਆਜ਼ਾਦੀ ਦਿਹਾੜਾ ਕਿਸ ਤਰ੍ਹਾਂ ਮਨਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਅਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪਰ ਇਸ ਦੇਸ਼ ਵਿਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਅੱਜ 600 ਤੋਂ ਵੱਧ ਕੇਸਰੀ ਝੰਡੇ ਵੰਡੇ ਗਏ ਹਨ ਅਤੇ ਭਲਕੇ ਵੀ ਕੇਸਰੀ ਝੰਡੇ ਵੰਡੇ ਜਾਣਗੇ।