ਸ਼ਸ਼ੀ ਪਾਲ ਜੈਨ
ਖਰੜ, 26 ਅਗਸਤ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਵਿੱਚ ਅੱਜ ਪਿਛਲੇ ਕਈ ਦਿਨਾਂ ਤੋਂ ਕਜੌਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਲਈ ਪੀਣ ਵਾਲੇ ਪਾਣੀ ਸਬੰਧੀ ਚੱਲ ਰਹੀ ਖਿੱਚੋਤਾਣ ਦਾ ਅੰਤ ਹੋ ਗਿਆ, ਜਦੋਂ ਕੌਂਸਲ ਨੇ ਇਸ ਸਬੰਧੀ ਮਤਾ ਕੁਝ ਸ਼ਰਤਾਂ ਨਾਲ ਪਾਸ ਕਰ ਦਿੱਤਾ। ਇਹ ਮੀਟਿੰਗ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੁੱਦੇ ਨੂੰ ਲੈ ਕੇ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਕਾਫੀ ਹੰਗਾਮੇ ਮਗਰੋਂ ਅੰਤ ਵਿੱਚ ਇਹ ਮਤਾ ਇਸ ਸ਼ਰਤ ’ਤੇ ਪਾਸ ਕਰ ਦਿੱਤਾ ਗਿਆ ਕਿ ਜਿੰਨੇ ਫੰਡ ਪੰਜਾਬ ਸਰਕਾਰ ਵੱਲੋਂ ਇਸ ਲਈ ਦਿੱਤੇ ਜਾਣਗੇ ਉਨੇ ਹੀ ਫੰਡ ਸਥਾਨਕ ਨਗਰ ਕੌਂਸਲ ਵੱਲੋਂ ਦਿੱਤੇ ਜਾਣਗੇ। ਇਸ ਮੌਕੇ ਇਹ ਸ਼ਰਤ ਵੀ ਲਾਗੂ ਕੀਤੀ ਗਈ ਕਿ ਇਸ ਪ੍ਰਾਜੈਕਟ ’ਤੇ ਕੋਈ ਵੀ ਵਿਅਕਤੀ ਉਦੋਂ ਤੱਕ ਉਦਘਾਟਨ ਜਾਂ ਨੀਂਹ ਪੱਥਰ ਨਹੀਂ ਰੱਖੇਗਾ ਜਦੋਂ ਤੱਕ ਇਹ ਪ੍ਰਾਜੈਕਟ ਪੂਰਾ ਨਹੀਂ ਹੁੰਦਾ। ਇਸੇ ਦੌਰਾਨ ਹੋਰ ਮਤਿਆਂ ਵਿਚ ਕੌਂਸਲ ਦੀ ਪ੍ਰਧਾਨ ਲਈ ਨਵੀਂ ਗੱਡੀ ਖਰੀਦਣ ਦਾ ਮਤਾ ਪਾਸ ਕੀਤਾ ਗਿਆ ਅਤੇ ਕਈ ਹੋਰ ਮਤੇ ਪਾਸ ਕੀਤੇ ਗਏ। ਕੌਂਸਲਰ ਗੋਬਿੰਦਰ ਸਿੰਘ ਚੀਮਾ ਨੇ ਕਿਹਾ ਕਿ ਜਲ ਸਪਲਾਈ ਲਈ ਉਨ੍ਹਾਂ ਦੇ ਪਿੰਡ ਦੀ 60 ਕਰੋੜ ਰੁਪਏ ਦੀ ਜ਼ਮੀਨ ਦਿੱਤੀ ਜਾ ਰਹੀ ਹੈ ਇਸ ਲਈ ਜ਼ਰੂਰੀ ਹੈ ਕਿ ਪਿੰਡ ਦੇ ਬੱਚਿਆਂ ਲਈ ਉਥੇ ਖੇਡ ਮੈਦਾਨ ਬਣਾਇਆ ਜਾਵੇ। ਰਾਜਬੀਰ ਸਿੰਘ ਰਾਜੀ ਨੇ ਨਿੱਝਰ ਰੋਡ ਤੋਂ ਲੈ ਕੇ ਛੱਜੂਮਾਜਰਾ ਰੋਡ ਤੱਕ ਸੜਕ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਨੀਲਮ ਕੁਮਾਰੀ ਕੌਂਸਲਰ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ ਅਤੇ ਲਾਗਲੇ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਲਈ ਪਾਈਪ ਲਾਈਨ ਪਾਈ ਜਾਵੇ। ਸੋਹਣ ਸਿੰਘ ਛੱਜੂਮਾਜਰਾ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ ਵਿੱਚ ਸਟਰੀਟ ਲਾਈਟ ਠੀਕ ਕਰਨ ਵਾਲੇ ਵਧੇਰੇ ਕਰਮਚਾਰੀ ਲਗਾਏ ਜਾਣ। ਕੌਂਸਲ ਪ੍ਰਧਾਨ ਨੇ ਸਾਰੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ। ਮੀਟਿੰਗ ਵਿੱਚ ਕਾਰਜਸਾਧਕ ਅਫਸਰ ਸੰਗੀਤ ਆਹਲੂਵਾਲੀਆਂ, ਵਿਨੇ ਮਹਾਜਨ ਐਕਸੀਅਨ, ਹਰਪ੍ਰੀਤ ਸਿੰਘ ਭਿਓਰਾ ਐੱਸਡੀਓ, ਅਮਿਤ ਦੁਰੇਜਾ ਐੱਸਡੀਓ, ਅਨਿਲ ਕੁਮਾਰ ਅਤੇ ਰਾਜੇਸ਼ ਜੇਈ ਹਾਜ਼ਰ ਸਨ।