ਕਰਮਜੀਤ ਸਿੰਘ ਚਿੱਲਾ
ਬਨੂੜ, 29 ਦਸੰਬਰ
ਸੱਭਿਆਚਾਰਕ ਮੰਤਰਾਲਾ, ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਆਧੁਨਿਕ ਕਲਾ ਅਜਾਇਬ ਘਰ, ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ’ਤੇ ਚਿਤਕਾਰਾ ਯੂਨੀਵਰਸਿਟੀ ਵਿਖੇ ਚੱਲ ਰਹੀ ਕਲਾ ਕੁੰਭ ਵਰਕਸ਼ਾਪ ਦੇ ਤੀਜੇ ਦਿਨ ਲੈਫ਼ਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਸੈਨਾ ਮੈਡਲ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ, ਸੂਬੇਦਾਰ ਸੰਜੇ ਕੁਮਾਰ ਅਤੇ ਮੇਜਰ ਡੀਪੀ ਸਿੰਘ ਵੀ ਹਾਜ਼ਰ ਸਨ। ਸਾਰੇ ਮਹਿਮਾਨਾਂ ਨੇ ਦੇਸ਼ ਭਰ ਦੇ 250 ਕਲਾਕਾਰਾਂ ਵੱਲੋਂ ਬਣਾਈ ਜਾ ਰਹੀ 500 ਮੀਟਰ ਲੰਬੀ ਅਤੇ 3 ਮੀਟਰ ਉੱਚੀ ਸਕਰੌਲ ਪੇਂਟਿੰਗ ਨੂੰ ਦੇਖਿਆ। ਉਨ੍ਹਾਂ ਐੱਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਸਕਰੋਲ ਪੇਂਟਿੰਗਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ। ਕਲਾ ਕੁੰਭ ਵਰਕਸ਼ਾਪ 2 ਜਨਵਰੀ ਤੱਕ ਜਾਰੀ ਰਹੇਗੀ ਅਤੇ ਮੁਕੰਮਲ ਹੋਣ ਤੇ ਇਹ ਮੈਗਾ ਪੇਂਟਿੰਗ 26 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਜਪਥ ਵਿੱਚ ਗਣਤੰਤਰ ਦਿਵਸ ਮੌਕੇ ’ਤੇ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਹ ਵਰਕਸਾਪ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਕਰਵਾਈ ਜਾ ਰਹੀ ਹੈ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਮਧੂ ਚਿਤਕਾਰਾ, ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਅਦਵੈਤ ਗਰਨਾਇਕ ਹਾਜ਼ਰ ਸਨ।