ਪੀ.ਪੀ. ਵਰਮਾ
ਪੰਚਕੂਲਾ, 18 ਅਕਤੂਬਰ
ਮਾਤਾ ਮਨਸਾ ਦੇਵੀ ਮੰਦਰ ਵਿੱਚ ਨਵਰਾਤਰਿਆਂ ਦੇ ਦੂਜੇ ਦਿਨ 10500 ਸ਼ਰਧਾਲੂਆਂ ਨੇ ਮੱਥਾ ਟੇਕਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ। ਇਸ ਮੌਕੇ 300 ਸ਼ਰਧਾਲੂਆਂ ਦਾ ਰੈਪਿਡ ਕਰੋਨਾ ਟੈਸਟ ਕਰਵਾਇਆ ਗਿਆ। ਇਸ ਗੱਲ ਦਾ ਪ੍ਰਗਟਾਵਾ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਦੇ ਸੀਈਓ ਐੱਮ.ਐੱਸ. ਯਾਦਵ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਵੇਲੇ ਮੰਦਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੁੰਡਨ ਘਾਟ ਅਤੇ ਹੋਰ ਕੰਪਲੈਕਸ ਦੇ ਆਸ-ਪਾਸ ਦੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ’ਤੇ ਵੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਹਨ ਅਤੇ ਮੇਲੇ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।
ਮੇਲੇ ਦੌਰਾਨ ਮੰਦਰ ਵਿੱਚ ਨਵਰਾਤਰਿਆਂ ਦੇ ਪਹਿਲੇ ਦਿਨ 10.572 ਗ੍ਰਾਮ ਸੋਨਾ ਤੇ 18,54,572 ਦੀ ਨਗਦੀ ਦਾ ਚੜ੍ਹਾਵਾ ਚੜ੍ਹਿਆ ਜਦਕਿ ਪੂਜਾ ਸਥੱਲ ਬੋਰਡ ਦੇ ਅਧੀਨ ਪੈਂਦੇ ਕਾਲਕਾ ਦੇ ਕਾਲੀ ਮਾਤਾ ਮੰਦਰ ਵਿੱਚ ਪਹਿਲੇ ਦਿਨ ਸਾਢੇ ਪੰਜ ਲੱਖ ਦਾ ਚੜ੍ਹਾਵਾ ਚੜ੍ਹਿਆ। ਇਸ ਤੋਂ ਇਲਾਵਾ ਕਾਲਕਾ ਵਿੱਚ 2.96 ਗ੍ਰਾਮ ਸੋਨੇ ਦੇ ਨਗ ਚੜ੍ਹੇ ਜਦਕਿ ਦੋਹਾਂ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਚਾਂਦੀ ਦੇ ਨਗ ਵੀ ਚੜ੍ਹਾਏ ਗਏ। ਇਨ੍ਹਾਂ ਮੰਦਰਾਂ ਵਿੱਚ ਸ਼ਰਧਾਲੂਆਂ ਦਾ ਅਥਾਹ ਵਿਸ਼ਵਾਸ ਹੈ।
ਸ਼ਿਵਪੁਰਾਣ ਵਿੱਚ ਮਾਤਾ ਮਾਨਸਾ ਦੇਵੀ ਦਾ ਵਰਨਣ
ਮਾਤਾ ਮਾਨਸਾ ਦੇਵੀ ਦਾ ਇਤਿਹਾਸ ਧਾਰਮਿਕ ਗ੍ਰੰਥ ਸ਼ਿਵਪੁਰਾਣ ਵਿੱਚ ਵੀ ਮਿਲਦਾ ਹੈ। ਸ਼ਿਵਪੁਰਾਣ ਦੀ ਕਥਾ ਅਤੇ ਧਰਮ ਗ੍ਰੰਥ ਚੂੜਾਮਨੀ ਅਨੁਸਾਰ ਮਾਤਾ ਮਨਸਾ ਦੇਵੀ ਦਾ ਮੰਦਰ 51 ਸਿੱਧ ਸ਼ਕਤੀ ਦੇਵੀ ਪੀਠਾਂ ਵਿੱਚੋਂ ਇੱਕ ਹੈ ਜਦਕਿ ਭਾਗਵਤ ਪੁਰਾਣ ਅਨੁਸਾਰ ਇਸ ਦਾ ਵਰਣਨ 108 ਸਿੱਧ ਸ਼ਕਤੀ ਪੀਠਾਂ ਵਿੱਚ ਵੀ ਮਿਲਦਾ ਹੈ। ਮੰਦਰ ਵਿੱਚ ਮਾਤਾ ਮਨਸਾ ਦੇਵੀ ਦੀ ਸੰਗਮਰਮਰ ਦੀ ਮੂਰਤੀ ਅਤੇ ਤਿੰਨ ਪਿੰਡੀਆਂ ਹਨ।