ਆਤਿਸ਼ ਗੁਪਤਾ
ਚੰਡੀਗੜ੍ਹ, 12 ਫਰਵਰੀ
ਸ਼ਹਿਰ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਵੀ ਹਟਾ ਲਈਆਂ ਹਨ। ਇਸੇ ਦੌਰਾਨ 40 ਦਿਨਾਂ ਬਾਅਦ ਰੌਕ ਗਾਰਡਨ ਅਤੇ ਬਰਡ ਪਾਰਕ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਸ਼ਹਿਰ ਵਿੱਚ ਸੈਰ ਸਪਾਟੇ ਲਈ ਸਭ ਤੋਂ ਵਧੀਆ ਥਾਵਾਂ ਦੇ ਖੁੱਲ੍ਹਣ ਨਾਲ ਲੋਕਾਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ ਇੱਕ ਦਿਨ ਵਿੱਚ 7 ਹਜ਼ਾਰ ਤੋਂ ਵੱਧ ਲੋਕ ਪਹੁੰਚੇ, ਜਿਸ ਨਾਲ ਪ੍ਰਸ਼ਾਸਨ ਨੇ ਵੀ ਢਾਈ ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ।
ਯੂਟੀ ਪ੍ਰਸ਼ਾਸਨ ਨੇ ਰੌਕ ਗਾਰਡਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਕਰੋਨਾ ਪਾਬੰਦੀਆਂ ਕਰਕੇ 40 ਦਿਨ ਰੌਕ ਗਾਰਡਨ ਨੂੰ ਬੰਦ ਰੱਖਿਆ ਗਿਆ ਸੀ, ਪਰ ਅੱਜ ਇਸ ਦੇ ਖੁੱਲ੍ਹਦੇ ਸਾਰ ਵੱਡੀ ਗਿਣਤੀ ਵਿੱਚ ਲੋਕ ਰੌਕ ਗਾਰਡਨ ’ਚ ਪਹੁੰਚੇ। ਜਾਣਕਾਰੀ ਅਨੁਸਾਰ ਅੱਜ 4 ਹਜ਼ਾਰ ਦੇ ਕਰੀਬ ਲੋਕ ਰੌਕ ਗਾਰਡਨ ਘੁੰਮਣ ਲਈ ਪਹੁੰਚੇ ਜਿਨ੍ਹਾਂ ਵਿੱਚ 3500 ਦੇ ਕਰੀਬ ਵੱਡੇ ਅਤੇ 500 ਦੇ ਕਰੀਬ ਬੱਚੇ ਸਨ। ਪ੍ਰਸ਼ਾਸਨ ਨੇ ਰੌਕ ਗਾਰਡਨ ’ਚ ਦਾਖਲੇ ਲਈ ਵੱਡੇ ਜਣਿਆਂ ਲਈ 30 ਰੁਪਏ ਅਤੇ ਬੱਚਿਆਂ ਲਈ 10 ਰੁਪਏ ਟਿਕਟ ਰੱਖੀ ਹੈ।
ਇਸ ਤਰ੍ਹਾਂ ਯੂਟੀ ਪ੍ਰਸ਼ਾਸਨ ਨੇ ਅੱਜ ਪਹਿਲੇ ਹੀ ਦਿਨ ਇੱਕ ਲੱਖ ਰੁਪਏ ਤੋਂ ਵੱਧ ਦੀ ਕਮਾਈ ਰੌਕ ਗਾਰਡਨ ਤੋਂ ਕਰ ਲਈ ਹੈ।
ਦੂਜੇ ਪਾਸੇ ਬਰਡ ਪਾਰਕ ਦੀ ਖੂਬਸੂਰਤੀ ਦੇਖਣ ਲਈ ਵੀ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਜਿੱਥੇ ਪਹਿਲੇ ਹੀ ਦਿਨ ਤਿੰਨ ਹਜ਼ਾਰ ਤੋਂ ਵੱਧ ਲੋਕ ਬਰਡ ਪਾਰਕ ਪਹੁੰਚੇ। ਇੰਜ ਪ੍ਰਸ਼ਾਸਨ ਨੇ ਬਰਡ ਪਾਰਕ ਤੋਂ ਵੀ ਡੇਢ ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਕਰਕੇ 3 ਜਨਵਰੀ 2022 ਨੂੰ ਰੌਕ ਗਾਰਡਨ ਅਤੇ ਬਰਡ ਪਾਰਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਸੀ।
ਚੰਡੀਗੜ੍ਹੀਆਂ ਨੇ ਸਾਫ਼ ਮੌਸਮ ਦਾ ਆਨੰਦ ਮਾਣਿਆ
ਸ਼ਹਿਰ ਵਿੱਚ ਅਤਿ ਦੀ ਠੰਢ ਤੋਂ ਬਾਅਦ ਨਿਕਲੀ ਧੁੱਪ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ। ਅੱਜ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ, ਰੌਕ ਗਾਰਡਨ ਅਤੇ ਹੋਰ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਆਨੰਦ ਘੁੰਮਦੇ ਦਿਖਾਈ ਦਿੱਤੇ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 22.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ।