ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜਨਵਰੀ
ਇੱਥੋਂ ਦੇ ਪ੍ਰਾਈਵੇਟ ਸਕੂਲਾਂ ਨੇ ਐਂਟਰੀ ਲੈਵਲ ਜਮਾਤਾਂ ਵਿੱਚ ਦਾਖਲਿਆਂ ਲਈ ਯੋਗ ਬੱਚਿਆਂ ਦੀ ਸੂਚੀ ਅੱਜ ਸਕੂਲਾਂ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਹੈ। ਸਕੂਲਾਂ ਨੇ ਆਪਣੀ ਵੈੱਬਸਾਈਟ ’ਤੇ ਵਿਦਿਆਰਥੀ ਦੇ ਨਾਮ ਨਾਲ ਅਰਜ਼ੀ ਨੰਬਰ ਵੀ ਅਪਲੋਡ ਕਰ ਦਿੱਤੇ ਹਨ। ਇਸ ਕਾਰਨ ਮਾਪਿਆਂ ਨੂੰ ਘਰ ਬੈਠੇ ਹੀ ਆਪਣੇ ਬੱਚਿਆਂ ਦੇ ਸਕੂਲਾਂ ਦੇ ਡਰਾਅ ਵਿੱਚ ਨਾਂ ਹੋਣ ਬਾਰੇ ਜਾਣਕਾਰੀ ਮਿਲ ਗਈ ਹੈ। ਸਕੂਲਾਂ ਵਿੱਚ ਡਰਾਅ ਪ੍ਰਕਿਰਿਆ ਵੀ ਭਲਕੇ ਤੋਂ ਸ਼ੁਰੂ ਹੋ ਜਾਵੇਗੀ ਤੇ ਪਹਿਲਾ ਡਰਾਅ ਸਟਰਾਅਬੇਰੀ ਫੀਲਡ ਸਕੂਲ ਸੈਕਟਰ-26 ਵੱਲੋਂ 15 ਜਨਵਰੀ ਨੂੰ ਕੱਢਿਆ ਜਾਵੇਗਾ। ਸੇਂਟ ਕਬੀਰ ਨੇ ਕਰੋਨਾ ਕਾਰਨ ਡਰਾਅ ਪ੍ਰਕਿਰਿਆ ਦੀ ਤਰੀਕ ਮੁਲਤਵੀ ਕਰ ਦਿੱਤੀ ਹੈ। ਇਸ ਸਕੂਲ ਵਿੱਚ ਆਫਲਾਈਨ ਡਰਾਅ ਹੋਵੇਗਾ। ਸਕੂਲ ਵਿੱਚ ਡਰਾਅ ਦੀ ਨਵੀਂ ਤਰੀਕ 28 ਜਨਵਰੀ ਰੱਖੀ ਗਈ ਹੈ।
ਇਸ ਵਾਰ ਜ਼ਿਆਦਾਤਰ ਸਕੂਲਾਂ ਨੇ ਕਰੋਨਾ ਕਾਰਨ ਡਰਾਅ ਆਨਲਾਈਨ ਕੱਢਣ ਦੀ ਯੋਜਨਾ ਬਣਾਈ ਹੈ। ਸਕੂਲਾਂ ਵੱਲੋਂ ਡਰਾਅ ਦੇ ਲਿੰਕ ਡਰਾਅ ਇਕ ਦਿਨ ਪਹਿਲਾਂ ਆਨਲਾਈਨ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ। ਕਈ ਸਕੂਲਾਂ ਨੇ ਡਰਾਅ ਵੇਲੇ ਦੋ ਤੋਂ ਪੰਜ ਮਾਪਿਆਂ ਨੂੰ ਡਰਾਅ ਕੱਢਣ ਵੇਲੇ ਸੱਦਿਆ ਹੈ ਤਾਂ ਕਿ ਡਰਾਅ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ। ਸਟਰਾਬੇਰੀ ਫੀਲਡਜ਼ ਸਕੂਲ ਵਿੱਚ ਪਲੇਅ ਕਲਾਸ ਲਈ ਡਰਾਅ 15 ਜਨਵਰੀ ਨੂੰ ਹੋਵੇਗਾ। ਭਵਨ ਵਿਦਿਆਲਿਆ ਵਿੱਚ ਪ੍ਰੀ ਨਰਸਰੀ ਦੀਆਂ ਸੌ ਸੀਟਾਂ ਲਈ 22 ਜਨਵਰੀ ਨੂੰ ਡਰਾਅ ਹੋਵੇਗਾ। ਇੱਥੋਂ ਦੇ ਚਾਰ ਕਾਨਵੈਂਟ ਸਕੂਲਾਂ ਵਿੱਚ 21 ਅਤੇ 22 ਜਨਵਰੀ ਨੂੰ ਡਰਾਅ ਕੱਢੇ ਜਾਣਗੇ।