ਪੱਤਰ ਪ੍ਰੇਰਕ
ਬਨੂੜ, 12 ਜੁਲਾਈ
ਪਿੰਡ ਮੋਟੇਮਾਜਰਾ ’ਚ ਅੱਜ ਸ਼੍ਰੋਮਣੀ ਲੇਖਕ ਮਨਮੋਹਨ ਸਿੰਘ ਦਾਊਂ ਨਾਲ ਸਾਹਿਤਕ ਮਿਲਣੀ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਸਮਾਜ ਸੇਵੀ ਨਿਰਮਲ ਸਿੰਘ ਤੰਗੌਰੀ ਨੇ ਕਰਦਿਆਂ ਸ੍ਰੀ ਦਾਊਂ ਦੀ ਸਾਹਿਤਕ ਘਾਲਣਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦਾਊਂ ਨੇ ਆਪਣੀ ਨਵ ਲਿਖਤ ਪੁਸਤਕ ‘ਪੁਆਧ ਕੀਆਂ ਝਲਕਾਂ’ ਪਿੰਡ ਵਾਸੀਆਂ ਦੇ ਰੂ-ਬ-ਰੂ ਕੀਤੀ। ਉਨ੍ਹਾਂ ਪੁਸਤਕ ਵਿੱਚ ਪਿੰਡ ਮੋਟੇਮਾਜਰਾ ਸਬੰਧੀ ਦਰਜ ਕੀਤੇ ਗਏ ਲੇਖ ਦੇ ਵੇਰਵੇ ਪੜ੍ਹ ਕੇ ਸੁਣਾਏ। ਉਨ੍ਹਾਂ ਇਸ ਲੇਖ ਵਿੱਚ ਮੋਟੇਮਾਜਰਾ ਦੀ ਮਹਾਂ ਢਾਬ, ਗੁਰਦੁਆਰੇ ਦਾ ਗੁਰਮਤਿ ਪ੍ਰਬੰਧ, ਪਿੰਡ ਬਣਨ ਦਾ ਇਤਿਹਾਸ ਅਤੇ ਕੰਬੋਜ ਭਾਈਚਾਰੇ ਦੀ ਮਿਹਨਤ ਸਬੰਧੀ ਦਰਜ ਜਾਣਕਾਰੀ ਨੂੰ ਪਿੰਡ ਵਾਸੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਲਾਇਲਪੁਰੀ, ਸਾਬਕਾ ਪੰਚ ਬਰਜਿੰਦਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀ ਸੰਚਾਲਕ ਅਮਰਜੀਤ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ ਆਦਿ ਨੇ ਸ੍ਰੀ ਦਾਊਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਲੇਖਕ ਵੱਲੋਂ ਪਿੰਡ ਵਾਸੀਆਂ ਨੂੰ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ।