ਸ਼ਸ਼ੀ ਪਾਲ ਜੈਨ
ਖਰੜ, 29 ਜੂਨ
ਇੱਥੋਂ ਦੇ ਵਿਧਾਇਕ ਕੰਵਰ ਸੰਧੂ ਨੇ ਮੰਗ ਕੀਤੀ ਹੈ ਕਿ ਖਰੜ-ਮੋਰਿੰਡਾ ਸੜਕ ਉਤੇ ਨੈਸ਼ਨਲ ਹਾਈਵੇ ਵਲੋਂ ਬੀਤੇ ਦਿਨੀਂ ਪਿੰਡ ਭਾਗੋਮਾਜਰਾ ਖਰੜ ’ਤੇ ਸਥਾਪਿਤ ਕੀਤੇ ਗਏ ਟੌਲ ਪਲਾਜ਼ਾ ਉਤੇ 5 ਕਿਲੋਮੀਟਰ ਦੇ ਰੇਡੀਅਸ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਟੈਕਸ ਤੋਂ ਛੋਟ ਦਿੱਤੀ ਜਾਵੇ। ਉਨ੍ਹਾਂ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਕਿੰਨੀ ਮੰਦਭਾਗੀ ਗੱਲ ਹੈ ਕਿ ਸੜਕ ਅਜੇ ਤੱਕ ਪੂਰੀ ਤਰ੍ਹਾਂ ਬਣੀ ਵੀ ਨਹੀਂ ਫਿਰ ਵੀ ਇਸ ਉਤੇ ਟੋਲ ਟੈਕਸ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਹ ਹਾਲਤ ਹੋ ਗਈ ਹੈ ਕਿ ਜੇ ਖਰੜ ਦੇ ਕਿਸੇ ਵਸਨੀਕ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਜਾਂ ਮੋਰਿੰਡਾ ਤੱਕ ਜਾਣਾ ਹੋਵੇ ਤਾਂ ਉਸ ਨੂੰ ਆਉਣ-ਜਾਣ ਲਈ 130 ਰੁਪਏ ਟੋਲ ਟੈਕਸ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਟੋਲ ਟੈਕਸ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਘੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਤਿੰਦਰ ਭਜੌਲੀ, ਕੁਲਦੀਪ ਸਿੰਘ ਸਿੱਧੂ, ਨਵਦੀਪ ਬੱਬੂ, ਆਰ ਐਸ ਭੰਗੂ, ਐਸ ਐਸ ਧਾਲੀਵਾਲ, ਜੱਗੀ ਕਾਦੀਮਾਜਰਾ ਅਤੇ ਦਰਸ਼ਨ ਸਿੰਘ ਮੌਜੂਦ ਸਨ।
ਵਾਰ ਮੈਮੋਰੀਅਲ-ਕਮ-ਪਾਰਕ ਬਣਾਉਣ ਦੀ ਮੰਗ
ਖਰੜ (ਪੱਤਰ ਪ੍ਰੇਰਕ): ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਸੁਝਾਅ ਦਿੱਤਾ ਹੈ ਕਿ ਖਰੜ ਕਸਬੇ (ਖਰੜ-ਐਸਏਐੱਸ ਨਗਰ ਰੋਡ ’ਤੇ ਚਰਚ ਦੇ ਬਿਲਕੁਲ ਉਲਟ) ਦੇ ਵਿਚਕਾਰ ਖ਼ਾਲੀ ਪਏ ਡਿਫੈਂਸ ਲੈਂਡ ਜੋ ਕਿ 15 ਏਕੜ ਤੱਕ ਫੈਲੀ ਹੋਈ ਹੈ ਵਿਚ ਇੱਕ ‘ਵਾਰ ਮੈਮੋਰੀਅਲ-ਕਮ-ਪਬਲਿਕ ਪਾਰਕ’ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੈਫ਼ਟੀਨੈਂਟ ਜਨਰਲ.ਆਰਪੀ ਸਿੰਘ, ਜੀਓਸੀ- ਇਨ-ਸੀ, ਪੱਛਮੀ ਸੈਨਾ ਕਮਾਂਡ, ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿਚ ਆਵਾਰਾ ਪਸ਼ੂ ਗੰਦਗੀ ਫੈਲਾ ਰਹੇ ਹਨ। ਵਿਧਾਇਕ ਨੇ ਇਸ ਪ੍ਰਸਤਾਵ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਮੀਟਿੰਗ ਕਰਨ ਦੀ ਵੀ ਸਲਾਹ ਦਿੱਤੀ। ਸੰਧੂ ਨੇ ਕਿਹਾ ਕਿ ਉਹ ਫ਼ੌਜੀ ਅਧਿਕਾਰੀਆਂ ਨੂੰ ਲਿਖੀ ਚਿੱਠੀ ਦੇ ਜਵਾਬ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸਏਐਸ ਨਗਰ ਦੇ ਡਿਪਟੀ ਕਮਿਸ਼ਨ, ਖਰੜ ਦੇ ਐੱਸਡੀਐਮ ਅਤੇ ਈ.ਓ., ਐਮਸੀ. ਖਰੜ ਨੂੰ ਚਿੱਠੀ ਦੀਆਂ ਕਾਪੀਆਂ ਵੀ ਭੇਜੀਆਂ ਗਈਆਂ ਹਨ।