ਮੁਕੇਸ਼ ਕੁਮਾਰ
ਚੰਡੀਗੜ੍ਹ, 23 ਅਗਸਤ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਹੰਗਾਮੀ ਮੀਟਿੰਗ ਦੌਰਾਨ ਸ਼ਹਿਰ ’ਚ ਲਾਵਾਰਿਸ ਗਊਆਂ ਸਣੇ ਲਾਇਨਜ਼ ਕੰਪਨੀ ਤੇ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਮਾੜੀ ਕਾਰਗੁਜਾਰੀ ਦਾ ਮੁਦਾ ਭਖਿਆ। ਮੀਟਿੰਗ ਦੌਰਾਨ ਕੁਝ ਮੁੱਦਿਆਂ ਨੂੰ ਲੈ ਕੇ ‘ਆਪ’ ਤੇ ਭਾਜਪਾ ਕੌਂਸਲਰ ਆਪਸ ’ਚ ਮਿਹਣੋਂ ਮਿਹਣੀ ਹੋਏ ਤੇ ਖੂਬ ਹੰਗਾਮਾ ਕੀਤਾ। ਮੀਟਿੰਗ ਦੌਰਾਨ ਕੌਂਸਲਰਾਂ ਦਾ ਗੋਆ ਸਟਡੀ ਟੂਅਰ ਵੀ ਚਰਚਾ ਦਾ ਵਿਸ਼ਾ ਰਿਹਾ। ‘ਆਪ’ ਕੌਂਸਲਰਾਂ ਨੇ ਇਸ ਦੌਰੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿਰਫ਼ ਜਨਤਾ ਦੇ ਪੈਸੇ ਦੀ ਬਰਬਾਦੀ ਹੈ।
ਮੀਟਿੰਗ ’ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸ਼ਹਿਰ ਦੇ ਦੱਖਣੀ ਸੈਕਟਰਾਂ ’ਚ ਸਫ਼ਾਈ ਦੀ ਜ਼ਿੰਮੇਵਾਰ ਲਾਇਨਜ਼ ਕੰਪਨੀ ਦੀਆਂ ਸੇਵਾਵਾਂ ਵਿਰੁੱਧ ਹੰਗਾਮਾ ਕੀਤਾ। ਹੰਗਾਮਾ ਕਰ ਰਹੇ ‘ਆਪ’ ਕੌਂਸਲਰਾਂ ਦੇ ਜਵਾਬ ’ਚ ਭਾਜਪਾ ਨੇ ‘ਆਪ’ ਦੇ ਧਨਾਸ ਤੋਂ ਕੌਂਸਲਰ ਰਾਮ ਚੰਦਰ ਯਾਦਵ ’ਤੇ ਠੇਕੇਦਾਰ ਤੋਂ ਰਿਸ਼ਵਤ ਮੰਗਣ ਦਾ ਦੋਸ਼ ਲਾ ਕੇ ਹੰਗਾਮਾ ਕੀਤਾ। ਇਸ ਮੁੱਦੇ ਨੂੰ ਲੈ ਕੇ ਭਾਜਪਾ ਕੌਂਸਲਰ ਜਸਮਨਪ੍ਰੀਤ ਸਿੰਘ ਤੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਵਿਚਾਲੇ ਬਹਿਸ ਵੀ ਹੋਈ। ਇਸ ਦੇ ਨਾਲ ਹੀ ‘ਆਪ’ ਵੱਲੋਂ ਮੇਅਰ ਨੂੰ ਇੱਕ ਟੇਬਲ ਏਜੰਡਾ ਵੀ ਦਿੱਤਾ ਗਿਆ, ਜਿਸ ’ਚ ਮੰਗ ਕੀਤੀ ਗਈ ਕਿ ਲਾਇਨਜ਼ ਕੰਪਨੀ ਦਾ ਟੈਂਡਰ ਰੱਦ ਕਰਕੇ ਨਵਿਆਇਆ ਜਾਵੇ। ਲਾਇਨਜ਼ ਕੰਪਨੀ ’ਚ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਮੁੱਦੇ ’ਤੇ ਹੰਗਾਮਾ ਕਰ ਰਹੇ ‘ਆਪ’ ਤੇ ਉਨ੍ਹਾਂ ਦੇ ਵਿਰੋਧ ’ਚ ਭਾਜਪਾ ਦੇ ਕੌਂਸਲਰ ਆਪੋ-ਆਪਣੀਆਂ ਸੀਟਾਂ ਛੱਡ ਕੇ ਅੱਗੇ ਆ ਗਏ ਤੇ ਹੱਥਾਂ ’ਚ ਬੈਨਰ ਫੜ ਕੇ ਕਾਫੀ ਦੇਰ ਤੱਕ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਰਹੇ।
ਵਿਰੋਧੀ ਧਿਰ ਦੇ ਆਗੂ ਯੋਗੇਸ਼ ਢੀਂਗਰਾ ਨੇ ਕਿਹਾ ਕਿ ਲਾਇਨ ਕੰਪਨੀ ’ਚ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਕਾਰਨ ਪਿਛਲੇ ਦਿਨਾਂ ’ਚ ਇੱਕ ਮਜ਼ਦੂਰ ਨੇ ਖੁਦਕੁਸ਼ੀ ਵੀ ਕਰ ਲਈ ਸੀ। ਸਫ਼ਾਈ ਕਰਮਚਾਰੀ ਸਵੇਰ ਤੋਂ ਸ਼ਾਮ ਤੱਕ ਸੜਕਾਂ ਦੀ ਸਫ਼ਾਈ ਵਿੱਚ ਲੱਗੇ ਰਹਿੰਦੇ ਹਨ ਤੇ ਦੂਜੇ ਪਾਸੇ ਜਦੋਂ ਉਹ ਤਨਖਾਹ ਮੰਗਦੇ ਹਨ ਤਾਂ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ। ਮੀਟਿੰਗ ਦੌਰਾਨ ਸ਼ਹਿਰ ਵਿੱਚ ਨਾਜਾਇਜ਼ ਰੇਹੜੀਆਂ ਵਾਲਿਆਂ ਦੀ ਵਧਦੀ ਗਿਣਤੀ ਦਾ ਮੁੱਦਾ ਵੀ ਉਠਿਆ। ਕਾਂਗਰਸੀ ਕੌਂਸਲਰ ਸਚਿਨ ਨੇ ਨਗਰ ਨਿਗਮ ਦੇ ਐਨਫੋਰਸਮੈੰਟ ਵਿੰਗ ਦੇ ਅਧਿਕਾਰੀਆਂ ਦੇ ਰਵੱਈਏ ’ਤੇ ਸਵਾਲ ਉਠਾਏ।
ਗਊਆਂ ਦੀ ਬਿਮਾਰੀ ਦਾ ਮੁੱਦਾ ਵੀ ਗਰਮਾਇਆ
ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਸ਼ਹਿਰ ’ਚ ਗਊਆਂ ਦੀ ਹਾਲਤ ’ਤੇ ਨਿਗਮ ਪ੍ਰਸ਼ਾਸਨ ਨੂੰ ਘੇਰ ਲਿਆ। ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਸ਼ਹਿਰ ’ਚ ਗਊਆਂ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਕਈ ਸੂਬਿਆਂ ’ਚ ਗਊਆਂ ਚਮੜੀ ਦੀ ਬਿਮਾਰੀ ਕਾਰਨ ਬਿਮਾਰ ਹੋ ਰਹੀਆਂ ਹਨ। ਇਸਦਾ ਅਸਰ ਚੰਡੀਗੜ੍ਹ ’ਚ ਵੀ ਹੋ ਰਿਹਾ ਹੈ ਤੇ ਇਥੇ ਗਊਆਂ ਦੀ ਹਾਲਤ ਵੀ ਖ਼ਰਾਬ ਹੈ। ਅਜਿਹੇ ’ਚ ਸ਼ਹਿਰ ’ਚ ਗਊਆਂ ਦੀ ਹਾਲਤ ਨੂੰ ਦੇਖਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ। ਇਸ ’ਤੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਨਿਗਮ ਦੀਆਂ ਗਊਸ਼ਾਲਾਵਾਂ ਵਿੱਚ ਗਊਆਂ ਨੂੰ ਕਿਸੇ ਵੀ ਬਿਮਾਰੀ ਤੋਂ ਬਚਾਉਣ ਲਈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਗਊਸ਼ਾਲਾਵਾਂ ’ਚ 92 ਗਊਆਂ ਚਮੜੀ ਦੀ ਲੰਪੀ ਬਿਮਾਰੀ ਨਾਲ ਪੀੜਤ ਹਨ। ਇਨ੍ਹਾਂ ਵਿੱਚੋਂ 52 ਗਊਆਂ ਠੀਕ ਹੋ ਰਹੀਆਂ ਹਨ। ਬਾਕੀ ਦੀਆਂ ਗਾਉਣ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਇਸ ਮੁੱਦੇ ’ਤੇ ਹਾਊਸ ’ਚ ਕਾਫੀ ਦੇਰ ਤੱਕ ਬਹਿਸ ਚੱਲੀ।