ਪੀ.ਪੀ. ਵਰਮਾ
ਪੰਚਕੂਲਾ, 26 ਮਈ
ਪੰਚਕੂਲਾ ਵਿੱਚ ਲੂ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਅੱਜ ਦੁਪਹਿਰ ਐਤਵਾਰ 43.8 ਡਿਗਰੀ ਤਾਪਮਾਨ ਰਿਹਾ। ਜਦਕਿ ਹਰਿਆਣਾ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਪਾਰਾ 48 ਡਿਗਰੀ ਪਹੁੰਚਣ ਦਾ ਅਨੁਮਾਨ ਹੈ। ਮੌਸਮ ਵਿਭਾਗ ਹਰਿਆਣਾ ਨੇ ਹਾਲੇ ਆਉਣ ਵਾਲੇ 5 ਦਿਨਾਂ ਤੱਕ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਲੂ ਕਾਰਨ ਜਨ ਜੀਵਨ ਠੱਪ ਹੋ ਗਿਆ ਹੈ। ਲੋਕ ਘਰਾਂ ਵਿੱਚ ਬੈਠੇ ਹਨ। ਮਾਰਕੀਟਾਂ ਸੁੰਨੀਆਂ ਹਨ। ਕਈ ਥਾਵਾਂ ’ਤੇ ਰੇਹੜੀ ਫੜ੍ਹੀ ਵਾਲਿਆਂ ਨੇ ਦੀ ਗਿਣਤੀ ਵੀ ਬਹੁਤ ਘੱਟ ਹੈ। ਲੂ ਦੇ ਕਾਰਨ ਬੁਖਾਰ ਅਤੇ ਉਲਟੀ ਦਸਤ ਦੇ ਕੇਸ ਵੱਧ ਰਹੇ ਹਨ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਦੇ ਟੈਂਕਰ ਮੰਗਵਾਏ ਗਏ ਕਿਉਂਕਿ ਬਿਜਲੀ ਦੇ ਕੱਟਾਂ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਗਰਮ ਹਵਾਵਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਰਾਤ ਨੂੰ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਗਰਮੀ ਕਾਰਨ ਪੰਛੀਆਂ ਦਾ ਮਰਨਾ ਵੀ ਲਗਾਤਾਰ ਜਾਰੀ ਹੈ। ਮੋਰਨੀ ਦੇ ਪਹਾੜੀ ਇਲਾਕਿਆਂ ਵਿੱਚ ਪਾਣੀ ਦੇ ਕਈ ਤਲਾਬ ਸੁੱਕ ਗਏ ਹਨ। ਕੁਝ ਦਿਨ ਪਹਿਲਾਂ ਤਿੰਨ ਦਿਨ ਤੱਕ ਲੱਗੀ ਮੋਰਨੀ ਦੀ ਅੱਗ ਵਿੱਚ ਕਈ ਪਸ਼ੂ-ਪੰਛੀ ਭੇਟ ਚੜ੍ਹ ਗਏ ਜਦਕਿ ਕੁਦਰਤੀ ਪੈਣੀ ਦੀਆਂ ਬਾਊਲੀਆਂ ਦੇ ਸੁੱਕ ਜਾਣ ਕਾਰਨ ਪਸ਼ੂ ਪੰਛੀ ਪਿਅਸੇ ਮਰ ਰਹੇ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਪੰਜ ਦਿਨਾਂ ਤੱਕ ਹਾਲੇ ਹੋਰ ਗਰਮੀ ਵਧਣ ਦੇ ਆਸਾਰ ਹਨ।