ਆਤਿਸ਼ ਗੁਪਤਾ
ਚੰਡੀਗੜ੍ਹ, 12 ਜੂਨ
ਪੰਜਾਬ ਅਤੇ ਹਰਿਆਣਾ ਵਿੱਚ ਕਾਂਗਰਸ ਪਾਰਟੀ ਵੱਲੋਂ ਨਵੇਂ ਪ੍ਰਧਾਨ ਲਾਏ ਜਾਣ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂ ਹਰਮੋਹਿੰਦਰ ਸਿੰਘ ਲੱਕੀ (ਐੱਚਐੱਸ ਲੱਕੀ) ਨੂੰ ਚੰਡੀਗੜ੍ਹ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ। ਇਸ ਗੱਲ ਦਾ ਐਲਾਨ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪੱਤਰ ਜਾਰੀ ਕਰਕੇ ਕੀਤਾ ਹੈ। ਇਸ ਤੋਂ ਪਹਿਲਾਂ ਸੁਭਾਸ਼ ਚਾਵਲਾ ਨੇ ਸ਼ਨਿੱਚਰਵਾਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹਰਮੋਹਿੰਦਰ ਸਿੰਘ ਲੱਕੀ ਨੇ ਪ੍ਰਧਾਨਗੀ ਦਾ ਐਲਾਨ ਹੋਣ ਉਪਰੰਤ ਕਿਹਾ ਕਿ ਪਾਰਟੀ ਤੋਂ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮੁੜ ਸਰਗਰਮ ਕੀਤਾ ਜਾਵੇਗਾ ਤਾਂ ਜੋ ਰਾਜਧਾਨੀ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਤੋਂ ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਜਾਂਦਾ ਰਿਹਾ ਹੈ ਜਿਸ ਨੂੰ ਉਹ ਭਵਿੱਖ ਵਿੱਚ ਵੀ ਜਾਰੀ ਰੱਖਣਗੇ। ਸ੍ਰੀ ਲੱਕੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਪਾਰਟੀ ਦੇ ਕੰਮਕਾਜ ਨੂੰ ਘਰ-ਘਰ ਤੱਕ ਲਿਜਾਇਆ ਜਾਵੇਗਾ।
ਗੌਰਤਲਬ ਹੈ ਕਿ ਚੰਡੀਗੜ੍ਹ ਕਾਂਗਰਸ ਦੇ ਨਵੇਂ ਪ੍ਰਧਾਨ ਐੱਚਐੱਸ ਲੱਕੀ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਉਹ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਡਿਪਟੀ ਮੇਅਰ ਵੀ ਰਹਿ ਚੁੱਕ ਹਨ, ਜੋ ਕਿ ਪੇਸ਼ੇ ਵਜੋਂ ਵਕੀਲ ਹਨ। ਸ੍ਰੀ ਲੱਕੀ ਨੇ ਆਪਣੇ ਰਾਜਨੀਤਕ ਭਵਿੱਖ ਦੀ ਸ਼ੁਰੂਆਤ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਪੜ੍ਹਾਈ ਦੌਰਾਨ ਕੀਤੀ ਸੀ। ਉਸ ਤੋਂ ਬਾਅਦ ਚੰਡੀਗੜ੍ਹ ਯੂਥ ਕਾਂਗਰਸ ਦੀ ਪ੍ਰਧਾਨਗੀ ਸਣੇ ਪਾਰਟੀ ਲਈ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਕਾਂਗਰਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਅੰਦਰੁਨੀ ਕਾਟੋ-ਕਲੈਸ਼ ਚੱਲਦਾ ਆ ਰਿਹਾ ਹੈ, ਉਸੇ ਦੇ ਚਲਦਿਆਂ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਲੰਘੇ ਦਿਨ ਵੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਸੁਭਾਸ਼ ਚਾਵਲਾ ਨੇ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਸਾਲ 2021 ਵਿੱਚ ਪ੍ਰਦੀਪ ਛਾਬੜਾ ਦੀ ਥਾਂ ਪ੍ਰਧਾਨ ਲਗਾਇਆ ਗਿਆ ਸੀ। ਕਾਂਗਰਸ ਦੇ ਅੰਦਰੁਨੀ ਕਲੇਸ਼ ਦੇ ਚਲਦਿਆਂ ਹੀ ਕਾਂਗਰਸ ਪਾਰਟੀ ਚੰਡੀਗੜ੍ਹ ਨਗਰ ਨਿਗਮ ਵਿੱਚ ਪਾਰਟੀ 35 ਵਿੱਚੋਂ 8 ਵਾਰਡਾਂ ਤੱਕ ਸੀਮਟ ਕੇ ਰਹਿ ਗਈ ਹੈ। ਉਸ ਵਿੱਚੋਂ ਵੀ ਦੋ ਕੌਂਸਲਰ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚੋਂ ਵਾਰਡ ਨੰਬਰ 10 ਤੋਂ ਕੌਂਸਲਰ ਹਰਪ੍ਰੀਤ ਕੌਰ ਬਬਲਾ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ, ਜਦੋਂ ਕਿ ਦੋ ਦਿਨ ਪਹਿਲਾਂ ਵਾਰਡ ਨੰਬਰ 20 ਤੋਂ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਚਾਵਲਾ ਮਗਰੋਂ ਦੋ ਹੋਰ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਅਸਤੀਫ਼ੇ
ਚੰਡੀਗੜ੍ਹ ਕਾਂਗਰਸ ਨੂੰ ਨਿੱਤ ਵੱਡਾ ਝਟਕਾ ਲਗਦਾ ਜਾ ਰਿਹਾ ਹੈ। ਜਿੱਥੇ ਲੰਘੇ ਦਿਨ ਸੁਭਾਸ਼ ਚਾਵਲਾ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਉਥੇ ਅੱਜ ਦੋ ਹੋਰ ਜ਼ਿਲ੍ਹਾ ਪ੍ਰਧਾਨਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਅੱਜ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਬਹਿਲਾਨਾ ਅਤੇ ਰਾਮੇਸ਼ਵਰ ਗਿਰੀ ਸ਼ਾਮਲ ਹਨ। ਗੌਰਤਲਬ ਹੈ ਕਿ ਚੰਡੀਗੜ੍ਹ ਕਾਂਗਰਸ ਨੇ ਯੂਟੀ ਨੂੰ 5 ਜ਼ਿਲ੍ਹਿਆਂ ਵਿੱਚ ਵੰਡਿਆ ਹੈ, ਜਿਸ ਵਿੱਚੋਂ ਦੋ ਜ਼ਿਲ੍ਹਾ ਪ੍ਰਧਾਨਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮੇਸ਼ਵਰ ਗਿਰੀ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਚਾਵਲਾ ਦੇ ਨਜ਼ਦੀਕੀ ਹਨ।
ਅਜੀਤ ਸਿੰਘ ਬਹਿਲਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਆਗੂ ਇਕ ਅਹੁਦੇ ਦੇ ਸਿਧਾਂਤ ਨੂੰ ਅਪਣਾਇਆ ਹੈ। ਇਸੇ ਕਰਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਦੋਂ ਕਿ ਸੂਬਾ ਚੋਣ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕੰਮ ਕਰਦਿਆਂ ਕਈ ਵਾਰ ਕੰਮ ਜ਼ਿਆਦਾ ਹੋ ਜਾਂਦਾ ਹੈ। ਇਸੇ ਕਰਕੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਭਾਸ਼ ਚਾਵਲਾ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਕਾਂਗਰਸੀ ਆਗੂ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਇਸ ਤੋਂ ਇਲਾਵਾ ਸੁਭਾਸ਼ ਚਾਵਲਾ ਵੱਲੋਂ ਵੀ ਆਉਣ ਵਾਲੇ ਦਿਨਾਂ ਵਿੱਚ ਵੱਡਾ ਖੁਲਾਸਾ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕਾਂਗਰਸ ਨੇ ਲੋਕ ਸਭਾ ਚੋਣਾਂ 2024 ਦੀ ਤਿਆਰੀ ਸ਼ੁਰੂ ਕੀਤੀ
ਚੰਡੀਗੜ੍ਹ ਕਾਂਗਰਸ ਦਾ ਨਵਾਂ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੂੰ ਐਲਾਨੇ ਜਾਣ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਰਾਜਧਾਨੀ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ 2024 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਕਰਕੇ ਕਾਂਗਰਸ ਨੂੰ ਦੋ ਸਾਲਾਂ ਵਿੱਚ ਹੋਰ ਮਜ਼ਬੂਤ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਕਰੀਬੀ ਲੱਕੀ ਨੂੰ ਪਾਰਟੀ ਦੀ ਕਮਾਨ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਨੂੰ ਸਾਲ 2014 ਅਤੇ 19 ਵਿੱਚ ਹਾਰ ਦਾ ਮੁੰਹ ਦੇਖਣਾ ਪਿਆ ਸੀ। ਇਸੇ ਕਰਕੇ ਕਾਂਗਰਸ ਪਾਰਟੀ ਨੇ ਹੁਣੇ ਤੋਂ ਸਾਲ 2024 ਦੀਆਂ ਚੋਣਾਂ ਲਈ ਰਣਨੀਤੀ ਤਿਆਰ ਕਰ ਲਈ ਹੈ।