ਸਰਬਜੀਤ ਸਿੰਘ ਭੱਟੀ
ਲਾਲੜੂ, 9 ਅਗਸਤ
ਲਾਲੜੂ ਸ਼ਹਿਰ ਦੀਆਂ ਦੋ ਗਊਸ਼ਾਲਾਵਾਂ ਅੰਦਰ ਕਰੀਬ 32 ਗਊਆਂ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਹੋਣ ’ਤੇ ਇਲਾਕੇ ਦੇ ਪਸ਼ੂ ਪਾਲਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਤਿੰਨ ਹੋਰ ਗਊਆਂ ਦੇ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਦੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਵੈਕਸੀਨ ਨਾ ਆਉਣ ਕਾਰਨ ਪਸ਼ੂ ਪਾਲਕਾਂ ਨੂੰ ਪ੍ਰਾਈਵੇਟ ਤੌਰ ’ਤੇ ਇਸ ਬਿਮਾਰੀ ਦਾ ਮਹਿੰਗਾ ਇਲਾਜ ਕਰਾਉਣਾ ਪੈ ਰਿਹਾ ਹੈ।
ਇਸ ਭਿਆਨਕ ਬਿਮਾਰੀ ਨੂੰ ਵੇਖਦੇ ਹੋਏ ਜ਼ਿਲ੍ਹਾ ਪੱਧਰੀ ਗਊਸ਼ਾਲਾ ਮਗਰਾ (ਲਾਲੜੂ) ਅਤੇ ਗੋਪਾਲ ਗਊਸ਼ਾਲਾ, ਲਾਲੜੂ ਮੰਡੀ ਵਿੱਚ ਬਾਹਰ ਤੋਂ ਆਉਣ ਵਾਲੇ ਪਸ਼ੂਆਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਬਿਮਾਰੀ ਦੀ ਖ਼ਬਰ ਮਿਲਦੇ ਹੀ ਸਰਕਾਰੀ ਪਸ਼ੂ ਹਸਪਤਾਲ ਲਾਲੜੂ ਦੇ ਵੈਟਰਨਰੀ ਡਾਕਟਰ ਗਊਆਂ ਦਾ ਇਲਾਜ਼ ਕਰਨ ਵਿੱਚ ਜੁਟ ਗਏ ਹਨ। ਇਸ ਤੋਂ ਇਲਾਵਾ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਪਸ਼ੂ ਇਲਾਜ ਨਾ ਹੋਣ ਕਾਰਨ ਉਹ ਇਸ ਲੰਪੀ ਸਕਿਨ ਮਹਾਂਮਾਰੀ ਨੁੂੰ ਭਿਆਨਕ ਰੂਪ ਦੇ ਸਕਦੇ ਹਨ। ਜਾਣਕਾਰੀ ਮੁਤਾਬਿਕ ਮਗਰਾ ਗਊਸ਼ਾਲਾ ਦੀ ਦੇਖ‘ਰੇਖ ਕਰ ਰਹੀ ਧਿਆਨ ਫਾਊਂਡੇਸ਼ਨ ਲੁਧਿਆਣਾ ਦੇ ਸੇਵਾਦਾਰ ਮਨੋਜ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 510 ਦੇ ਕਰੀਬ ਗਊਆਂ ਅਤੇ ਹੋਰ ਗਊਧਨ ਹੈ, ਜਿਨ੍ਹਾਂ ਵਿੱਚ 28 ਪਸ਼ੂ ਲੰਪੀ ਸਕਿਨ ਵਾਈਰਸ ਦੀ ਲਪੇਟ ਵਿੱਚ ਆਏ ਹੋਏ ਹਨ, ਜਿਨ੍ਹਾਂ ਨੂੰ ਵੱਖਰੇ ਵਾੜੇ ਵਿੱਚ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ’ਤੇ ਦਿਨ ਵਿੱਚ ਕਈ ਵਾਰ ਡਿਟੋਲ ਦੀ ਸਪਰੇਅ ਵੀ ਕੀਤੀ ਜਾ ਰਹੀ ਹੈ, ਤਾਂ ਜੋ ਇਹ ਬਿਮਾਰੀ ਹੋਰ ਨਾ ਵਧ ਸਕੇ। ਮਨੋਜ ਨੇ ਦੱਸਿਆ ਕਿ ਪੀੜਤ ਪਸ਼ੂਆਂ ਨੁੂੰ ਚਾਰੇ ਵਿੱਚ ਫੀਡ ਅਤੇ ਪੀਣ ਲਈ ਕੈਲਸ਼ੀਅਮ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਮੱਖੀ, ਮੱਛਰਾਂ ਤੇ ਕਿਟਾਣੂਆਂ ਤੋਂ ਬਚਾਅ ਲਈ ਗੁੂਗਲ, ਅਜਵਾਇਣ, ਨਿੰਮ ਤੇ ਸਫੈਦੇ ਦੇ ਪੱਤਿਆਂ ਦਾ ਧੂੰਆਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਲੜੂ ਮੰਡੀ ਦੀ ਗੋਪਾਲ ਗਊਸ਼ਾਲਾ ਵਿੱਚ ਵੀ ਚਾਰ ਪਸ਼ੂ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਆਏ ਹੋਏ ਹਨ, ਜਿਨ੍ਹਾਂ ਨੁੂੰ ਵੱਖਰੇ ਤੌਰ ’ਤੇ ਰੱਖਿਆ ਹੋਇਆ ਹੈ। ਇਲਾਕੇ ਦੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ।
ਸਰਕਾਰੀ ਪਸ਼ੂ ਹਸਪਤਾਲ ਲਾਲੜੂ ਦੇ ਡਾਕਟਰ ਕੁਸਮ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਇਕ ਵਾਇਰਸ ਹੈ, ਜੋ ਮੱਖੀਆਂ, ਮੱਛਰਾਂ ਤੇ ਚਿੱਚੜਾਂ ਦੇ ਕੱਟਣ ਨਾਲ ਫੈਲਦਾ ਹੈ, ਜਿਸ ਨਾਲ ਪਸ਼ੂਆਂ ਦੇ ਸਰੀਰ ’ਤੇ ਗੰਢਾਂ ਬਣ ਜਾਂਦੀਆਂ ਹਨ ਤੇ ਤੇਜ਼ ਬੁਖਾਰ ਹੋ ਜਾਂਦਾ ਹੈ ਤੇ ਦੁਧਾਰੂ ਪਸ਼ੂਆਂ ਦੇ ਦੁੱਧ ਵਿੱਚ ਕਮੀ ਆ ਜਾਂਦੀ ਹੈ। ਉਨ੍ਹਾ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਬਿਮਾਰੀ ਦੇ ਬਚਾਅ ਲਈ ਵੈਕਸੀਨ ਦੀ ਮੰਗ ਕੀਤੀ ਗਈ ਹੈ। ਵੈਕਸੀਨ ਆਉਣ ’ਤੇ ਸਾਰੇ ਪੀੜਤ ਪਸ਼ੂਆਂ ਨੂੰ ਮੁਫ਼ਤ ਵੈਕਸੀਨ ਲਾਈ ਜਾਵੇਗੀ। ਉਨ੍ਹਾਂ ਨੇ ਇਨ੍ਹਾਂ ਦੋਵੇਂ ਗਊਸ਼ਲਾਵਾਂ ਤੇ ਇਲਾਕੇ ਵਿੱਚ 35 ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਹੈ।
ਧਫੜੀ ਰੋਗ ਦੇ ਇਲਾਜ ਲਈ ਜ਼ਿਲ੍ਹਾ ਰੂਪਨਗਰ ’ਚ 14 ਟੀਮਾਂ ਤੈਨਾਤ
ਰੂਪਨਗਰ (ਜਗਮੋਹਨ ਸਿੰਘ) ਰੂਪਨਗਰ ਜ਼ਿਲ੍ਹੇ ਅੰਦਰ ਪਸ਼ੂਆਂ ਦੇ ਧਫੜੀ ਰੋਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਅਤੇ ਬਿਮਾਰੀ ਨਾਲ ਪੀੜਤ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਤੇ ਡਿਪਟੀ ਡਾਇਰੈਕਟਰ ਪਸ਼ੂ ਪਲਣ ਡਾ. ਬਹਾਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਅੰਦਰ 14 ਵੈਟਰਨਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਇਨ੍ਹਾਂ ਟੀਮਾਂ ਵਿੱਚ 13 ਵੈਟਰਨਰੀ ਡਾਕਟਰ ਅਤੇ 45 ਵੈਟਰਨਰੀ ਇੰਸਪੈਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਤੇ ਬਿਮਾਰੀ ਦੀ ਚਪੇਟ ਵਿੱਚ ਆ ਚੁੱਕੇ ਪਸ਼ੂਆਂ ਨੂੰ ਰੋਗ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਲਪੇਟ ਵਿੱਚ ਆਏ 750 ਪਸ਼ੂਆਂ ਵਿੱਚੋਂ ਅੱਧੇ ਪਸ਼ੂ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਬਿਮਾਰੀ ਦੇ ਬਚਾਅ ਲਈ ਹੁਣ ਤੱਕ 1933 ਤੰਦਰੁਸਤ ਪਸ਼ੂਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜੋ ਕਿ ਸਰਕਾਰ ਵੱਲੋਂ ਭੇਜੇ ਗਏ ਸਨ।