ਪੱਤਰ ਪ੍ਰੇਰਕ
ਬਨੂੜ, 12 ਜੁਲਾਈ
ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸੈਕੰਡਰੀ ਸਮਾਰਟ ਸਕੂਲ ਦੇ ਬੱਚਿਆਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਸਕੂਲ ਵਿੱਚ ਪੜ੍ਹਨ ਲਈ ਆਉਣ ਵਾਸਤੇ ਖੇਤਾਂ ਦੀਆਂ ਉੱਚੀਆਂ-ਉੱਚੀਆਂ ਵੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਕੂਲ ਦੇ ਰਸਤੇ, ਗਰਾਊਂਡ ਅਤੇ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਪਾਣੀ ਭਰਿਆ ਖੜ੍ਹਾ ਹੈ, ਜਿਸ ਦਾ ਕਿਸੇ ਪਾਸੇ ਨਿਕਾਸ ਨਾ ਹੋਣ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਕੂਲ ਦੇ ਇੱਕੋ-ਇੱਕ ਰਸਤੇ ਅਤੇ ਆਲੇ-ਦੁਆਲੇ ਇੱਕ ਫੁੱਟ ਤੋਂ ਵੱਧ ਪਾਣੀ ਭਰਿਆ ਹੋਇਆ ਹੈ। ਇੱਥੇ ਰੋਜ਼ਾਨਾ ਸੈਂਕੜੇ ਬੱਚੇ ਦਰਜਨ ਦੇ ਕਰੀਬ ਪਿੰਡਾਂ ਤੋਂ ਪੜ੍ਹਨ ਲਈ ਆਉਂਦੇ ਹਨ। ਬੱਚਿਆਂ ਦਾ ਪਾਣੀ ਵਿੱਚ ਲੰਘਣਾ ਬੇਹੱਦ ਔਖਾ ਹੈ, ਜਿਸ ਕਾਰਨ ਉਹ ਖੇਤਾਂ ਦੀ ਵੱਟਾਂ ਉੱਤੋਂ ਹੋ ਕੇ ਸਕੂਲ ਲੰਘਦੇ ਹਨ। ਪਿੰਡ ਦੇ ਸਰਪੰਚ ਵੱਲੋਂ ਵਿਦਿਆਰਥੀਆਂ ਨੂੰ ਪਾਣੀ ਵਿੱਚੋਂ ਸੁੱਕੇ ਲੰਘਾਉਣ ਲਈ ਟਰੈਕਟਰ-ਟਰਾਲੀ ਵੀ ਮੁਹੱਈਆ ਕਰਾਏ ਗਏ ਹਨ ਪਰ ਬੱਚੇ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਖੇਤਾਂ ਵਿੱਚੋਂ ਆਉਣਾ ਪੈ ਰਿਹਾ ਹੈ। ਨੰਬਰਦਾਰ ਪ੍ਰੇਮ ਕੁਮਾਰ, ਪੰਚ ਅਮਰਜੀਤ ਸਿੰਘ, ਸਮਾਜ ਸੇਵੀ ਨੌਜਵਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਵੱਟਾਂ ਉੱਤੋਂ ਹੋ ਕੇ ਸਕੂਲ ਲੰਘਦੇ ਹਨ ਤੇ ਪੈਰ ਤਿਲਕਣ ਦੀ ਸੂਰਤ ਵਿੱਚ ਕੋਈ ਬੱਚਾ ਪਾਣੀ ਵਿੱਚ ਵੀ ਡਿੱਗ ਸਕਦਾ ਹੈ। ਉਨ੍ਹਾਂ ਸਿੱਖਿਆ ਮੰਤਰੀ, ਡੀਸੀ ਪਟਿਆਲਾ ਅਤੇ ਐੱਸਡੀਐੱਮ ਕੋਲੋਂ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਲਈ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਐ: ਪ੍ਰਿੰਸੀਪਲ
ਪ੍ਰਿੰਸੀਪਲ ਇੰਦੂ ਬਾਲਾ ਨੇ ਸਕੂਲੀ ਰਸਤੇ ਵਿੱਚ ਪਾਣੀ ਭਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਰਾਜਪੁਰਾ ਦੇ ਐੱਸਡੀਐੱਮ, ਬੀਡੀਪੀਓ, ਸਿੱਖਿਆ ਅਧਿਕਾਰੀਆਂ ਨੂੰ ਰਾਜਪੁਰਾ ਜਾ ਕੇ ਜਾਣੂ ਕਰਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬੱਚਿਆਂ ਅਤੇ ਸਟਾਫ਼ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।