ਪੱਤਰ ਪ੍ਰੇਰਕ
ਚੰਡੀਗੜ੍ਹ, 3 ਨਵੰਬਰ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਅੱਜ 86 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਕ ਮਰੀਜ਼ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ 56 ਸਾਲਾਂ ਦੇ ਮਨੀਮਾਜਰਾ ਵਾਸੀ ਵਜੋਂ ਹੋਈ ਹੈ ਜੋ ਕਿ ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾਬਸੀ ਵਿਚ ਇਲਾਜ ਅਧੀਨ ਸੀ। ਉਹ ਕਰੋਨਾ ਦੇ ਨਾਲ-ਨਾਲ ਟਾਈਪ-2 ਡਾਇਬੀਟੀਜ਼ ਤੇ ਹਾਈਪਰਟੈਂਨਸ਼ਨ ਤੋਂ ਵੀ ਪੀੜਤ ਸੀ। ਇਸੇ ਦੌਰਾਨ ਅੱਜ 43 ਮਰੀਜ਼ ਤੰਦਰੁਸਤ ਹੋਣ ਮਗਰੋਂ ਡਿਸਚਾਰਜ ਵੀ ਹੋਏ ਹਨ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 14608 ਹੋ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 629 ਹੈ। ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਆਏ ਨਵੇਂ ਸਾਹਮਣੇ ਆਏ ਮਰੀਜ਼ ਸੈਕਟਰ 9, 14, 15, 16, 18, 20, 21, 22, 23, 24, 27, 28, 32, 33, 34, 37, 38, 39, 41, 42, 43, 44, 45, 46, 49, 50, 51, 53, 55, 38-ਵੈਸਟ, ਬਹਿਲਾਣਾ, ਡੱਡੂਮਾਜਰਾ, ਧਨਾਸ, ਖੁੱਡਾ ਅਲੀਸ਼ੇਰ, ਮਨੀਮਾਜਰਾ, ਪੀ.ਜੀ.ਆਈ. ਕੈਂਪਸ ਅਤੇ ਸਾਰੰਗਪੁਰ ਦੇ ਵਸਨੀਕ ਹਨ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 65 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 44 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹੇ ਵਿੱਚ ਕਰੋਨਾ ਦਾ ਰਿਕਵਰੀ ਰੇਟ 95 ਫੀਸਦ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 5 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 3, ਨੰਗਲ ਇਲਾਕੇ ਵਿੱਚ 2 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 148 ਹੈ। ਅੱਜ ਕੀਰਤਪੁਰ ਸਾਹਿਬ ਇਲਾਕੇ ਦੇ ਪਿੰਡ ਕਲਿਆਣਪੁਰ ਦੇ 52 ਸਾਲਾ ਵਿਅਕਤੀ ਅਤੇ ਰੂਪਨਗਰ ਦੇ 33 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 117 ਹੋ ਗਈ ਹੈ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ) ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਮਰਨ ਵਾਲਿਆ ਦੀ ਕੁੱਲ ਗਿਣਤੀ 102 ਹੋ ਗਈ ਹੈ। ਇਸੇ ਦੌਰਾਨ 3 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 36 ’ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜ਼ਿਲ੍ਹੇ ਵਿਚ 308 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ।
91 ਸਾਲਾਂ ਦੇ ਬਜ਼ੁਰਗ ਨੇ ਵਾਇਰਸ ਨੂੰ ਹਰਾਇਆ
ਮੁਹਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਆਈਵੀ ਹਸਪਤਾਲ ਵਿੱਚ ਦਾਖਲ 91 ਸਾਲਾਂ ਦੇ ਬਜ਼ੁਰਗ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਰੂਪਨਗਰ ਦਾ ਇਹ ਬਜ਼ੁਰਗ 20 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਸੀਨੀਅਰ ਪਲਮਨੋਲੋਜਿਸਟ ਡਾ. ਸੁਰੇਸ਼ ਗੋਇਲ ਨੇ ਦੱਸਿਆ ਕਿ ਬਜ਼ੁਰਗ ਨੂੰ ਸਾਹ, ਬੁਖ਼ਾਰ, ਖੰਘ ਅਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਸੀ। ਉਸ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਈ ਬਲੱਡ ਪ੍ਰੈੱਸ਼ਰ ਦੇ ਨਾਲ ਉਸ ਨੂੰ ਹੋਰ ਵੀ ਕਈ ਬਿਮਾਰੀਆਂ ਸਨ। ਇਸੇ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 55 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 12 ਹਜ਼ਾਰ 522 ਹੋ ਗਈ ਹੈ। ਅੱਜ 31 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ ਤੇ ਹੁਣ ਤੱਕ 237 ਮੌਤਾਂ ਹੋ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 42 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 1, ਘੜੂੰਆਂ ਵਿੱਚ 6, ਢਕੋਲੀ ਵਿੱਚ 3 ਅਤੇ ਡੇਰਾਬੱਸੀ ਵਿੱਚ 3 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।