ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਨਵੰਬਰ
ਪੰਜਾਬ ਇੰਜਨੀਅਰਿੰਗਿ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਦੀਆਂ ਵੋਟਾਂ ਦਾ ਅਮਲ ਅੱਜ ਮੁਕੰਮਲ ਹੋਇਆ। ਇਸ ਵਿੱਚ ਮਨੀਸ਼ ਗੁਪਤਾ ਨੇ ਅਸ਼ਵਨੀ ਸ਼ਰਮਾ ਨੂੰ ਹਰਾ ਕੇ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ। ਸੰਜੀਵ ਮੌਦਗਿੱਲ ਮੀਤ ਪ੍ਰਧਾਨ ਤੇ ਕਰਨਲ ਸੰਧੂ ਨੇ ਜੁਆਇੰਟ ਸਕੱਤਰ ਦੀ ਚੋਣ ਜਿੱਤੀ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੈੱਕ ਦੇ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪੈੱਕ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਵਿੱਚ ਸਾਬਕਾ ਵਿਦਿਆਰਥੀ ਆਕਲੈਂਡ, ਦੁਬਈ, ਅਮਰੀਕਾ ਤੇ ਕੈਨੇਡਾ ਤੋਂ ਵੋਟ ਪਾਉਣ ਪੁੱਜੇ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਯੂਟੀ ਦੇ ਕਈ ਅਧਿਕਾਰੀਆਂ ਜੋ ਪੈੱਕ ਵਿੱਚੋਂ ਪੜ੍ਹੇ ਹਨ, ਨੇ ਆਪਣੀ ਵੋਟ ਪਾਈ ਤੇ ਪੁਰਾਣੇ ਵਿਦਿਆਰਥੀਆਂ ਨਾਲ ਯਾਦਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਆਈਏਐੱਸ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ, ਅਮਨਦੀਪ ਬਾਂਸਲ, ਰਾਜੀਵ ਗੁਪਤਾ ਤੇ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪੈੱਕ ਵਿੱਚ ਵੋਟਾਂ ਪੈਣ ਦਾ ਅਮਲ 13 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ ਇਸ ਦੇ ਨਤੀਜੇ ਅੱਜ ਐਲਾਨੇ ਗਏ ਹਨ। ਇਸ ਮੌਕੇ ਪ੍ਰਧਾਨਗੀ ਦੀ ਚੋਣ ਵਿੱਚ ਮਨੀਸ਼ ਗੁਪਤਾ ਨੂੰ 815 ਵੋਟਾਂ, ਅਸ਼ਵਨੀ ਸ਼ਰਮਾ ਨੂੰ 274, ਮੋਹਿਤ ਸ੍ਰੀਵਾਸਤਵ ਨੂੰ 150, ਮੀਤ ਪ੍ਰਧਾਨ ਲਈ ਸੰਜੀਵ ਮੌਦਗਿਲ ਨੂੰ 672, ਸੰਦੀਪ ਗੁਪਤਾ ਨੂੰ 252, ਛਾਬੜਾ ਨੂੰ 300, ਜੁਆਇੰਟ ਸਕੱਤਰ ਲਈ ਕਰਨਲ ਸੰਧੂ ਨੂੰ 845, ਕੁੰਡਲ ਨੂੰ 380, ਜਸਬੀਰ ਸਿੰਘ ਨੂੰ 218 ਵੋਟਾਂ ਪਈਆਂ। ਇਸ ਮੌਕੇ 11 ਸਾਬਕਾ ਵਿਦਿਆਰਥੀ ਕਾਰਜਕਾਰੀ ਮੈਂਬਰ ਬਣੇ। ਇਸ ਮੌਕੇ ਪੈੱਕ ਦੇ ਡਾਇਰੈਕਟਰ ਡਾ. ਰਾਜੇਸ਼ ਭਾਟੀਆ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਦਿਆਰਥੀਆਂ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਐੱਚਐੱਸ ਓਬਰਾਏ ’ਤੇ ਦਿਲਚਸਪੀ ਦਿਖਾਈ ਤੇ ਉਹ ਲਗਾਤਾਰ ਦੂਜੀ ਵਾਰ ਜਨਰਲ ਸਕੱਤਰ ਚੁਣੇ ਗਏ। ਇਹ ਵੀ ਦੱਸਣਾ ਬਣਦਾ ਹੈ ਕਿ ਪੈੱਕ ਦੇ ਸਾਬਕਾ ਵਿਦਿਆਰਥੀਆਂ ਦੀਆਂ 25,000 ਵੋਟਾਂ ਰਜਿਸਟਰਡ ਹਨ।