ਹਰਦੇਵ ਚੌਹਾਨ
ਚੰਡੀਗੜ੍ਹ, 23 ਸਤੰਬਰ
ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਪੰਜਾਬੀ ਰੰਗਮੰਚ ਨੂੰ ਨਿਵੇਕਲੀ ਸੇਧ ਦੇਣ ਵਾਲੇ ਗੁਰਸ਼ਰਨ ਭਾਅ ਜੀ ਦਾ ਜਨਮ ਦਿਨ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਚੰਡੀਗੜ੍ਹ ’ਚ ਮਨਾਇਆ ਗਿਆ।
ਸਮਾਗਮ ਮੌਕੇ ਨਾਟਕਕਾਰ ਡਾ. ਆਤਮਜੀਤ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੇ ਅੰਦਰ ਮਹਾਨ ਗੁਣ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਰਗਰਮ ਨਾਟਕਕਾਰ ਬਣਾ ਕੇ ਲੋਕਾਂ ਦੇ ਦਿਲਾਂ ਅੰਦਰ ਵਸਾ ਦਿੱਤਾ ਸੀ। ਨਾਟਕਕਾਰ ਦੇਵਿੰਦਰ ਦਮਨ ਨੇ ਕਿਹਾ, ‘ਮੇਰਾ ਰੰਗਮੰਚ ਦਾ ਸਫ਼ਰ ਐੱਨਐੱਸਡੀ ਦੇ ਪਹਿਲੇ ਸਿੱਖਿਅਤ ਵਿਦਿਆਰਥੀ ਹਰਪਾਲ ਟਿਵਾਣਾ ਨਾਲ ਸ਼ੁਰੂ ਹੋਇਆ ਸੀ, ਜਿਨ੍ਹਾਂ ਦਾ ਨਾਟਕ ਭਾਰੀ ਭਰਕਮ ਤਕਨੀਕ ਸਮੇਤ ਚਲਦਾ ਸੀ। ਇਸ ਦੇ ਸਾਹਮਣੇ ਗੁਰਸ਼ਰਨ ਸਿੰਘ ਦਾ ਸਾਦ-ਮੁਰਾਦਾ ਰੰਗਮੰਚ ਸੀ। ਇਸ ਸਦਕਾ ਮੇਰੇ ਨਾਟਕ ਇਤਿਹਾਸਕ ਤੇ ਸਮਕਾਲੀ ਸਵਾਲਾਂ ਨਾਲ ਜੁੜਦੇ ਗਏ।’ ਰੰਗਕਰਮੀ ਸੰਜੀਵਨ ਸਿੰਘ ਨੇ ਆਪਣੇ ਸਫ਼ਰ ਦੌਰਾਨ ਗੁਰਸ਼ਰਨ ਭਾਅ ਜੀ ਦੇ ਵੇਖੇ ਨਾਟਕਾਂ ਦੀਆਂ ਯਾਦਾਂ ਸਾਂਝਾ ਕੀਤੀਆਂ। ਡਾ. ਅਰੀਤ ਕੌਰ ਨੇ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਸਥਾਪਤ ਕਰਨ ਲਈ ਅਨੀਤਾ ਸ਼ਬਦੀਸ਼ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹਰੀਸ਼ ਵਰਮਾ, ਨਵਦੀਪ ਕਲੇਰ ਤੇ ਗਾਇਕ ਬਲਬੀਰ ਸੂਫ਼ੀ ਨੇ ਗੁਰਸ਼ਰਨ ਭਾਅ ਜੀ ਬਾਰੇ ਵਿਚਾਰ ਸਾਂਝੇ ਕੀਤੇ।