ਪੱਤਰ ਪ੍ਰੇਰਕ
ਪੰਚਕੂਲਾ, 5 ਮਈ
ਮੁੱਖ ਮੰਤਰੀ ਮਨੋਹਰ ਲਾਲ ਨੇ ਰੋਹਤਕ ਤੋਂ ਈ-ਅਧਿਗਮ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੈਬਲੇਟ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਬੇ ਦੇ 119 ਸਥਾਨਾਂ ਵਿਚ ਟੈਬਲੇਟ ਵੰਡਣ ਦੇ ਸਮਾਗਮ ਕਰਵਾਏ ਗਏ। ਮੁੱਖ ਮੰਤਰੀ ਇਸ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਨਾਲ ਵਰਚੁਅਲ ਰਾਹੀਂ ਜੁੜੇ ਅਤੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਹਿਲਾਂ ਕਿਤਾਬਾਂ ਨੂੰ ਬੈਗ ਵਿਚ ਭਰ ਕੇ ਲਿਆਉਣਾ ਪੈਂਦਾ ਸੀ ਪਰ ਅੱਜ ਤੋਂ ਇਸ ਟੈਬ ਵਿਚ ਹੀ ਉਨ੍ਹਾਂ ਦੀਆਂ ਕਿਤਾਬਾਂ ਆਉਣਗੀਆਂ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਤਕਨੀਕ ਨੂੰ ਅਪਣਾ ਕੇ ਸਿੱਖਿਆ ਦੇਣ ਦੀ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਲਈ ਸਾਲ 2030 ਤੱਕ ਦਾ ਟੀਚਾ ਰੱਖਿਆ ਗਿਆ ਹੈ, ਜਦੋਂ ਕਿ ਅਸੀਂ 2025 ਤੱਕ ਇਸ ਨੂੰ ਲਾਗੂ ਕਰਨ ਨੂੰ ਲੈ ਕੇ ਵਚਨਬੱਧ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡੀ ਕ੍ਰਾਂਤੀ ਦੀ ਸ਼ੁਰੂਆਤ ਹੋ ਰਹੀ ਹੈ। ਹੁਣ ਤੱਕ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਦੇਸ਼ ਦੇ ਕਿਸੇ ਸੂਬੇ ਵਿਚ ਇੰਨੀ ਵੱਡੀ ਮੁਹਿੰਮ ਨਹੀਂ ਚੱਲੀ।