ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 1 ਅਗਸਤ
ਪੰਜਾਬ ਦੀ ਮਿਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਸ਼ਹਿਰ ਅਤੇ ਨੇੜਲੇ ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਮੌਨਸੂਨ ਦੌਰਾਨ ਪੈਂਦਾ ਮੀਂਹ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਾ, ਉਥੇ ਹੀ ਇਹ ਮੀਂਹ ਨਿਗਮ ਤੇ ਸਰਕਾਰ ਦੇ ਕੀਤੇ ਵਾਅਦਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੰਦਾ ਹੈ। ਟਰਾਈ-ਸਿਟੀ ਦੇ ਕਈ ਇਲਾਕੇ ਮੀਂਹ ਦੇ ਪਾਣੀ ਨਾਲ ਭਰ ਚੁੱਕੇ ਹਨ। ਕਈ ਸੁਸਾਇਟੀਆਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਵਿਦਿਆਰਥੀਆਂ ਤੇ ਨੌਕਰੀ-ਪੇਸ਼ਾ ਲੋਕਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ। ਸੜਕਾਂ ਦਾ ਬੁਰਾ ਹਾਲ ਹੈ, ਜੋ ਥਾਂ-ਥਾਂ ਟੁੱਟੀਆਂ ਹੋਈਆਂ ਤੇ ਉਥੇ ਡੂੰਘੇ ਖੱਡੇ ਪੈ ਚੁੱਕੇ ਹਨ। ਰੋਜ਼ਾਨਾ ਮੁਹਾਲੀ ਆਉਣ ਵਾਲੇ ਨੌਕਰੀ-ਪੇਸ਼ਾ ਲੋਕਾਂ ਅਤੇ ਹੋਰਨਾਂ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਦੇ ਫੇਜ਼-2 ਦੇ ਵਸਨੀਕ ਅਤੇ ਸਮਾਜ ਸੇਵੀ ਆਸ਼ਮਨ ਅਰੋੜਾ ਨੇ ਪੰਜਾਬ ਸਰਕਾਰ, ਗਮਾਡਾ ਅਤੇ ਮੁਹਾਲੀ ਨਗਰ ਨਿਗਮ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਨੂੰ ਸੂਬੇ ਦਾ ਨੰਬਰ ਇੱਕ ਸ਼ਹਿਰ ਬਣਾਉਣ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ, ਜਦੋਂਕਿ ਸੱਚਾਈ ਕੋਹਾਂ ਦੂਰ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇੰਡਸਟਰੀ ਏਰੀਆ ਫੇਜ਼-8ਬੀ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ ਅਤੇ ਇਨ੍ਹਾਂ ਸੜਕਾਂ ’ਤੇ ਪਹਿਲਾਂ ਹੀ ਬਹੁਤ ਸਾਰੇ ਖੱਡੇ ਸਨ ਪਰ ਹੁਣ ਇਨ੍ਹਾਂ ਖੱਡਿਆਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਖੇਤਰ ਫੇਜ਼-8ਬੀ ਵਿੱਚ ਲਗਪਗ 6000 ਕੰਪਨੀਆਂ ਹਨ ਅਤੇ ਰੋਜ਼ਾਨਾ 50 ਹਜ਼ਾਰ ਤੋਂ ਵੱਧ ਕਰਮਚਾਰੀ ਮੁਹਾਲੀ ਆਉਂਦੇ ਹਨ। ਟੁੱਟੀਆਂ ਸੜਕਾਂ ਕਾਰਨ ਹੁਣ ਤੱਕ ਕਾਫ਼ੀ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਸੜਕਾਂ ’ਤੇ ਕਈ ਘੰਟਿਆਂ ਤੱਕ ਲੰਬੇ ਜਾਮ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਫੇਜ਼-2 ਵਿੱਚ ਡਰੇਨੇਜ ਸਿਸਟਮ ਦਾ ਬਹੁਤ ਮਾੜਾ ਹਾਲ ਹੈ। ਉਧਰ, ਮੁਹਾਲੀ ਤੋਂ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ। ਸਾਬਕਾ ਸਰਪੰਚ ਜ਼ੋਰ ਸਿੰਘ ਭੁੱਲਰ, ਗੁਰਮੇਲ ਸਿੰਘ, ਸੋਹਨ ਸਿੰਘ ਅਤੇ ਨੰਬਰਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਾਂਡਰਾਂ ਜੰਕਸ਼ਨ ’ਤੇ ਰੋਜ਼ਾਨਾ ਲੱਗਦੇ ਲੰਬੇ ਜਾਮ ਤੋਂ ਬਚਣ ਲਈ ਜ਼ਿਆਦਾਤਰ ਲੋਕ ਚੱਪੜਚਿੜੀ ਸੜਕ ਤੋਂ ਲੰਘਦੇ ਹਨ। ਇੱਥੇ ਚੱਪੜਚਿੜੀ ਜੰਗੀ ਯਾਦਗਾਰ ਸਮੇਤ ਚਾਰ ਸਕੂਲ ਹਨ ਪਰ ਟੁੱਟੀ ਸੜਕ ਤੋਂ ਲੰਘਣ ਵਾਲੇ ਰਾਹਗੀਰ ਹੁਕਮਰਾਨਾਂ ਨੂੰ ਕੋਸ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਚੱਪੜਚਿੜੀ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਨਹੀਂ ਤਾਂ ਬਰਸਾਤ ਦੇ ਦਿਨਾਂ ਵਿੱਚ ਇੱਥੋਂ ਲੰਘਣਾ ਮੁਸ਼ਕਲ ਹੋ ਜਾਵੇਗਾ।
ਅੰਬਾਲਾ ਵਾਸੀਆਂ ਲਈ ਮੁਸੀਬਤ ਬਣਿਆ ਮੀਂਹ ਦਾ ਪਾਣੀ
ਅੰਬਾਲਾ (ਰਤਨ ਸਿੰਘ ਢਿੱਲੋਂ): ਬੀਤੀ ਰਾਤ ਪਿਆ ਭਾਰੀ ਮੀਂਹ ਅੰਬਾਲਾ ਦੇ ਲੋਕਾਂ ਲਈ ਮੁਸੀਬਤ ਬਣ ਕੇ ਆਇਆ। ਸ਼ਹਿਰਾਂ ਦੀਆਂ ਸੜਕਾਂ ਅਤੇ ਕਲੋਨੀਆਂ ਵਿਚ ਪਾਣੀ ਭਰ ਗਿਆ, ਜਿਸ ਨੇ ਨਦੀਆਂ ਦਾ ਰੂਪ ਧਾਰ ਲਿਆ। ਦੇਖਦੇ ਹੀ ਦੇਖਦੇ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ। ਕੈਂਟ ਦੀ ਨਿਕਲਸਨ ਰੋਡ ਅਤੇ ਇੰਡਸਟਰੀਅਲ ਏਰੀਆ ਵਿਚ ਦੋ ਫੁੱਟ ਤੱਕ ਪਾਣੀ ਭਰ ਗਿਆ। ਇੱਥੋਂ ਦਾ ਐੱਸਡੀ ਕਾਲਜ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ। ਇਹੀ ਹਾਲ ਸ਼ਹਿਰ ਦੀ ਕੱਪੜਾ ਮਾਰਕੀਟ ਦਾ ਹੋਇਆ ਹੈ। ਕੈਂਟ ਵਿਚ ਟਾਂਗਰੀ ਨਦੀ ਦੇ ਬੰਨ੍ਹ ਅੰਦਰ ਵਸੀਆਂ ਕਲੋਨੀਆਂ ਦੇ ਬਾਸ਼ਿੰਦਿਆਂ ਨੂੰ ਨਦੀ ਵਿਚ ਆਉਣ ਵਾਲੇ ਪਾਣੀ ਦਾ ਡਰ ਸਤਾਅ ਰਿਹਾ ਹੈ। ਪੰਨਾ ਲਾਲ ਵਾਸੀ ਤੇਲੀ ਮੰਡੀ ਨੇ ਦੱਸਿਆ ਕਿ ਪਰਿਵਾਰ ਸਾਰੀ ਰਾਤ ਨਹੀਂ ਸੁੱਤਾ ਤੇ ਉਨ੍ਹਾਂ ਦੇ ਘਰ ’ਚ ਪਾਣੀ ਵੜਨ ਕਾਰਨ ਘੱਟੋ-ਘੱਟ 30 ਹਜ਼ਾਰ ਰੁਪਏ ਦਾ ਸਾਮਾਨ ਖ਼ਰਾਬ ਹੋ ਗਿਆ ਹੈ। ਨਿਕਾਸੀ ਦੇ ਮਾੜੇ ਪ੍ਰਬੰਧ ਹੋਣ ਕਾਰਨ ਕੈਂਟ ਦੀ ਹਾਊਸਿੰਗ ਬੋਰਡ ਕਲੋਨੀ ਦੇ ਘਰਾਂ ਵਿਚ ਪਾਣੀ ਵੜਨ ਨਾਲ ਲੋਕਾਂ ਦੇ ਸਾਮਾਨ ਦਾ ਨੁਕਸਾਨ ਵੀ ਹੋਇਆ ਹੈ। ਸਦਰ ਬਾਜ਼ਾਰ ਖੇਤਰ ਵਿਚ ਬਿਜਲੀ ਦੇ ਖੰਭੇ ’ਚ ਕਰੰਟ ਆਉਣ ਕਾਰਨ ਤਿੰਨ ਮੱਝਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਉਧਰ ਕਾਂਗਰਸ ਆਗੂ ਚਿਤਰਾ ਸਰਵਾਰਾ ਨੇ ਕੈਂਟ ਦੀ ਹਾਊਸਿੰਗ ਬੋਰਡ ਕਲੋਨੀ, ਏਕਤਾ ਵਿਹਾਰ, ਰਾਮ ਕਿਸ਼ਨ ਕਲੋਨੀ, ਰਾਜਾ ਪਾਰਕ, ਬੀਡੀ ਫਲੋਰ ਮਿੱਲ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਕੁਝ ਦੇਰ ਦੀ ਬਾਰਿਸ਼ ਨੇ ਵਿਧਾਇਕ ਅਤੇ ਪ੍ਰਸ਼ਾਸਨ ਵੱਲੋਂ ਅੰਬਾਲਾ ਨੂੰ ਹੜ੍ਹ ਮੁਕਤ ਕਰਨ ਦੀ ਪੋਲ ਖੋਲ੍ਹ ਦਿੱਤੀ ਹੈ।