ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 9 ਨਵੰਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਹੁਣ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ’ਤੇ ਵੀ ਡੇਂਗੂ ਦਾ ਪਰਛਾਵਾਂ ਪੈ ਗਿਆ ਹੈ। ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਦੇ ਐੱਸਐੱਮਓ ਡਾ. ਐੱਚਐੱਸ ਚੀਮਾ ਵੀ ਡੇਂਗੂ ਤੋਂ ਪੀੜਤ ਹਨ। ਇਸ ਤੋਂ ਇਲਾਵਾ ਦੰਦਾਂ ਦੀ ਮਾਹਿਰ ਡਾ. ਸ਼ਿਵਾਨੀ ਬੱਤਰਾ, ਸਪੋਰਟਸ ਮੈਡੀਸ਼ਨ ਡਾ. ਰੀਤੂ ਮਣੀ ਅਤੇ ਕਈ ਸਟਾਫ਼ ਮੈਂਬਰ ਵੀ ਡੇਂਗੂ ਤੋਂ ਪੀੜਤ ਹਨ। ਡਾ. ਅੰਮ੍ਰਿਤਪਾਲ ਸਿੰਘ 15 ਦਿਨਾਂ ਬਾਅਦ ਤੰਦਰੁਸਤ ਹੋ ਕੇ ਡਿਊਟੀ ’ਤੇ ਪਰਤੇ ਹਨ। ਇਸ ਗੱਲ ਦੀ ਪੁਸ਼ਟੀ ਐੱਸਐੱਮਓ ਡਾ. ਵਿਜੈ ਭਗਤ ਨੇ ਕੀਤੀ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 14 ਹੋਰ ਡੇਂਗੂ ਮਰੀਜ਼ ਆਏ ਹਨ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਡੇਂਗੂ ਪੀੜਤਾਂ ਦੀ ਗਿਣਤੀ ਵਧ ਕੇ 1276 ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹੁਣ ਤੱਕ ਮੁਹਾਲੀ ਸਣੇ ਸਮੁੱਚੇ ਜ਼ਿਲ੍ਹੇ ਅੰਦਰ 2,22,606 ਘਰਾਂ ਦਾ ਸਰਵੇ ਕੀਤਾ ਗਿਆ। ਇਨ੍ਹਾਂ ’ਚੋਂ 3798 ਘਰਾਂ ਵਿੱਚ ਹੀ ਡੇਂਗੂ ਦਾ ਲਾਰਵਾ ਮਿਲਿਆ ਹੈ। ਇੰਜ ਹੀ ਵੱਖ-ਵੱਖ ਥਾਵਾਂ ’ਤੇ 7,77,439 ਕੰਟੇਨਰਾਂ ਦੀ ਜਾਂਚ ਕੀਤੀ ਗਈ ਤੇ 4817 ਕੰਟੇਨਰਾਂ ਵਿੱਚ ਹੀ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿੱਚ ਸਪੈਸ਼ਲ ਡੇਂਗੂ ਵਾਰਡ ਬਣਾਇਆ ਗਿਆ ਹੈ, ਜਿੱਥੇ ਡੇਂਗੂ ਪੀੜਤਾਂ ਨੂੰ ਦਾਖ਼ਲ ਕਰ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।