ਪੀ.ਪੀ. ਵਰਮਾ
ਪੰਚਕੂਲਾ, 11 ਅਕੂਬਰ
ਮਾਤਾ ਮਨਸਾ ਦੇਵੀ ਮੰਦਰ ਵਿੱਚ ਅੱਜ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਅਤੇ ਅੰਬਾਲਾ ਹਲਕੇ ਦੇ ਮੈਂਬਰ ਪਾਰਲੀਮੈਂਟ ਰਤਨ ਲਾਲ ਕਟਾਰੀਆ ਨੇ ਮੱਥਾ ਟੇਕਿਆ। ਇਸੇ ਤਰ੍ਹਾਂ ਕੁਰੂਕਸ਼ੇਤਰ ਲੋਕ ਸਭਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਵੀ ਮਾਤਾ ਮਨਸਾ ਦੇਵੀ ਮੰਦਰ ਵਿੱਚ ਆਪਣੀ ਧਰਮਪਤਨੀ ਸਮੇਤ ਮੱਥਾ ਟੇਕਿਆ। ਇਸੇ ਤਰ੍ਹਾਂ ਭਾਜਪਾ ਦੇ ਉੱਘੇ ਮਹਿਲਾ ਨੇਤਾ ਅਤੇ ਗੇਲ ਦੀ ਸਾਬਕਾ ਡਾਇਰੈਕਟਰ ਸ੍ਰੀਮਤੀ ਬੰਤੋ ਕਟਾਰੀਆ ਨੇ ਵੀ ਅੱਜ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ ਇਨ੍ਹਾਂ ਦੋਹਾਂ ਨੇ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਵੱਲੋਂ ਚਲਾਏ ਜਾ ਰਹੇ ਸਤ ਚੰਡੀ ਯੱਗ ਦੀ ਪੂਜਾ ਵਿੱਚ ਹਿੱਸਾ ਲਿਆ। ਪੂਜਾ ਸਥੱਲ ਬੋਰਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 22 ਲੱਖ ਰੁਪਏ ਦਾ ਚੜ੍ਹਾਵਾ ਚੜ੍ਹਿਆ ਹੈ। ਇਸ ਚੜ੍ਹਾਵੇ ਵਿੱਚ ਕਾਲਕਾ ਦੇ ਕਾਲੀ ਮਾਤਾ ਦੇ ਮੰਦਰ ਦਾ ਚੜ੍ਹਾਵਾ ਵੀ ਸ਼ਾਮਲ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਬਿਨੈ ਪ੍ਰਤਾਪ ਸਿੰਘ ਜਿਹੜੇ ਪੂਜਾ ਸਥਲ ਦੇ ਮੁੱਖ ਪ੍ਰਸ਼ਾਸਕ ਹਨ ਨੇ ਦੱਸਿਆ ਕਿ ਹੁਣ ਤੱਕ ਮੰਦਰ ਵਿੱਚ 20 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ 175 ਤੋਲੇ ਤੋਂ ਵੱਧ ਚਾਂਦੀ ਦੇ ਗਹਿਣੇ ਚੜ੍ਹੇ ਹਨ। ਉਹਨਾਂ ਦੱਸਿਆ ਕਿ ਪੂਜਾ ਸਥੱਲ ਵੱਲੋਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।